ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ‘ਚ ਤੇਜ਼ੀ ਨਾਲ ਵਾਧਾ ਜਾਰੀ ਹੈ। ਸਭ ਤੋਂ ਵੱਧ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਮਾਮਲੇ ਵਧ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿਚਰਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ‘ਚ 2527 ਮਾਮਲੇ ਮਿਲੇ ਹਨ, ਜਿਨ੍ਹਾਂ ‘ਚ ਇਕ ਹਜ਼ਾਰ ਤੋਂ ਵੱਧ ਇਕੱਲੇ ਦਿੱਲੀ ਤੋਂ ਹਨ। ਇਸ ਦੌਰਾਨ 22 ਲੋਕਾਂ ਦੀ ਮੌਤ ਵੀ ਹੋਈ ਹੈ, ਜਿਨ੍ਹਾਂ ‘ਚ 21 ਮੌਤਾਂ ਕੇਰਲ ਤੋਂ ਤੇ ਦੋ ਦਿੱਲੀ ਤੋਂ ਹਨ।
ਸਰਗਰਮ ਮਾਮਲੇ 838 ਵਧੇ ਹਨ ਤੇ ਮੌਜੂਦਾ ਸਮੇਂ ‘ਚ ਇਨ੍ਹਾਂ ਦੀ ਗਿਣਤੀ 15,057 ਹੋ ਗਈ ਹੈ ਜੋ ਕੁਲ ਮਾਮਲਿਆਂ ਦਾ 0.04 ਫ਼ੀਸਦੀ ਹੈ। ਰੋਜ਼ਾਨਾ ਇਨਫੈਕਸ਼ਨ ਦਰ ਦੇ ਨਾਲ ਹੀ ਹਫ਼ਤਾਵਾਰੀ ਇਨਫੈਕਸ਼ਨ ਦਰ ‘ਚ ਵੀ ਵਾਧਾ ਹੋ ਰਿਹਾ ਹੈ। ਦੋਵੇਂ ਕ੍ਰਮਵਾਰ 0.56 ਫ਼ੀਸਦੀ ਤੇ 0.50 ਫ਼ੀਸਦੀ ‘ਤੇ ਪਹੁੰਚ ਗਈ ਹੈ।
ਕੋਵਿਨ ਪੋਰਟਲ ਦੇ ਸ਼ਾਮ ਛੇ ਵਜੇ ਦੇ ਅੰਕੜਿਆਂ ਮੁਤਾਬਕ ਹੁਣ ਤਕ ਕੋਰੋਨਾ ਰੋਕੂ ਵੈਕਸੀਨ ਦੀਆਂ ਕੁਲ 187.55 ਕਰੋੜ ਡੋਜ਼ ਲਗਾਈਆਂ ਗਈਆਂ ਹਨ। ਇਨ੍ਹਾਂ ‘ਚ 100.02 ਕਰੋੜ ਪਹਿਲੀ, 84.99 ਕਰੋੜ ਦੂਜੀ ਤੇ 2.52 ਕਰੋੜ ਚੌਕਸੀ ਡੋਜ਼ ਸ਼ਾਮਲ ਹਨ।