ਕੋਲਕਾਤਾ – ਕੋਲਕਾਤਾ ਪੁਲਿਸ ਨੇ ਮਹਾਨਗਰ ਦੇ ਹਰਿਦੇਵਪੁਰ ਇਲਾਕੇ ‘ਚ ਇਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਉੱਥੇ ਖੜ੍ਹੇ ਲਵਾਰਿਸ ਆਟੋ ਰਿਕਸ਼ਾ ‘ਚੋਂ 19 ਬੰਬ, ਇਕ ਪਿਸਤੌਲ ਤੇ ਦੋ ਕਾਰਤੂਸ ਬਰਾਮਦ ਕੀਤੇ ਹਨ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸ਼ਨਿਚਰਵਾਰ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਗੁਪਤ ਸੂਚਨਾ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਉੱਥੇ ਛਾਪਾਮਾਰੀ ਕੀਤੀ ਤੇ ਇਕ ਲਵਾਰਿਸ ਆਟੋ ਰਿਕਸ਼ਾ ‘ਚੋਂ ਉਕਤ ਹਥਿਆਰ ਬਰਾਮਦ ਕੀਤੇ। ਬੰਬ ਤੇ ਹਥਿਆਰ ਆਟੋ ਰਿਕਸ਼ਾ ਦੇ ਅੰਦਰ ਇਕ ਬੈਗ ‘ਚ ਲੁਕਾ ਕੇ ਰੱਖੇ ਗਏ ਸਨ। ਇਸ ਨੂੰ ਇੱਥੇ ਕਿਸ ਨੇ ਤੇ ਕਿਸ ਉਦੇਸ਼ ਨਾਲ ਰੱਖਿਆ ਸੀ, ਇਹ ਹਾਲੇ ਸਾਫ਼ ਨਹੀਂ ਹੋ ਸਕਿਆ ਹੈ। ਪੁਲਿਸ ਤਮਾਮ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਇਹ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕਿਸੇ ਅੱਤਵਾਦੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਸੀ। ਹੁਣ ਤਕ ਇਸ ਮਾਮਲੇ ‘ਚ ਕਿਸੇ ਦੀ ਗਿ੍ਫ਼ਤਾਰੀ ਨਹੀਂ ਹੋਈ ਹੈ। ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਆਟੋ ਰਿਕਸ਼ਾ ਨੂੰ ਇਕ ਵਿੱਤੀ ਕੰਪਨੀ ਨੇ ਆਪਣੇ ਗੈਰੇਜ ‘ਚ ਪਾਰਕ ਕੀਤਾ ਸੀ, ਕਿਉਂਕਿ ਮਾਲਿਕ ਈਐੱਮਆਈ ਦਾ ਭੁਗਤਾਨ ਨਹੀਂ ਕਰ ਰਿਹਾ ਸੀ।
ਪੁਲਿਸ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖ ਰਹੀ ਹੈ। ਗੈਰੇਜ ਕੋਲ ਹੀ ’41 ਪੱਲੀ’ ਨਾਂ ਦਾ ਕਲੱਬ ਵੀ ਹੈ। ਕਲੱਬ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਚਾਰ ਦਿਨ ਪਹਿਲਾਂ ਤੜਕੇ ਕਰੀਬ ਤਿੰਨ ਵਜੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਦੋ ਨੌਜਵਾਨ ਇੱਥੇ ਆਏ ਸਨ ਤੇ ਆਟੋ ਰਿਕਸ਼ਾ ‘ਚ ਇਕ ਬੈਗ ਰੱਖ ਕੇ ਚਲੇ ਗਏ ਸਨ। ਪੁਲਿਸ ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।