ਕੋਲਕਾਤਾ ਜਬਰ-ਜਨਾਹ ਮਾਮਲਾ ਡਾਕਟਰ ਦੇ ਮਾਪਿਆਂ ਵੱਲੋਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਦਾ ਦੋਸ਼

ਕੋਲਕਾਤਾ – ਪਿਛਲੇ ਮਹੀਨੇ ਕੋਲਕਾਤਾ ਦੇ ਆਰਜੀ ਕਰ ਹਸਪਤਾਲ ਵਿਚ ਜਬਰ-ਜਨਾਹ ਅਤੇ ਕਤਲ ਦੇ ਮਾਮਲੇ ਵਿਚ ਪੀੜਤ ਡਾਕਟਰ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਹੋਰ ਡਾਕਟਰਾਂ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਕੋਲਕਾਤਾ ਪੁਲਿਸ ’ਤੇ ਕਾਹਲੀ ਵਿੱਚ ਲਾਸ਼ ਦਾ ਸਸਕਾਰ ਕਰਕੇ ਮਾਮਲੇ ਨੂੰ ਦਬਾਉਣ ਦਾ ਦੋਸ਼ ਲਾਇਆ ਹੈ। ਮਾਪਿਆਂ ਨੇ ਇਹ ਵੀ ਦੋਸ਼ ਲਾਇਆ ਕਿ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਸੀ। ਪੀੜਤ ਡਾਕਟਰ ਦੇ ਪਿਤਾ ਨੇ ਕਿਹਾ ਕਿ ਪੁਲਿਸ ਸ਼ੁਰੂ ਤੋਂ ਹੀ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ ਰਹੀ ਹੈ, ਸਾਨੂੰ ਲਾਸ਼ ਨੂੰ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਣ ਤੱਕ ਪੁਲਿਸ ਸਟੇਸ਼ਨ ਵਿੱਚ ਇੰਤਜ਼ਾਰ ਕਰਨਾ ਪਿਆ। ਉਨ੍ਹਾਂ ਦੋਸ਼ ਲਾਇਆ ਕਿ ਬਾਅਦ ਵਿਚ ਜਦੋਂ ਲਾਸ਼ ਸਾਨੂੰ ਸੌਂਪੀ ਗਈ ਤਾਂ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸਾਨੂੰ ਪੈਸੇ ਦੇਣ ਦੀ ਪੇਸ਼ਕਸ਼ ਕੀਤੀ ਪਰ ਅਸੀਂ ਤੁਰੰਤ ਲੈਣ ਤੋਂ ਇਨਕਾਰ ਕਰ ਦਿੱਤਾ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਭਰ ’ਚ ਪ੍ਰਦਰਸ਼ਨ ਹੋਏ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਪੀੜਤਾ ਲਈ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਕੋਲਕਾਤਾ ਪੁਲਿਸ ਨੇ ਇੱਕ ਸਿਵਿਲੀਅਨ ਵਲੰਟੀਅਰ ਨੂੰ ਇੱਕ ਸਿਖਿਆਰਥੀ ਡਾਕਟਰ ਦੇ ਕਥਿਤ ਬਲਾਤਕਾਰ ਅਤੇ ਕਤਲ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਕਲਕੱਤਾ ਹਾਈ ਕੋਰਟ ਨੇ ਅਗਸਤ ਦੇ ਦੂਜੇ ਹਫ਼ਤੇ ਕੇਸ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪਣ ਦਾ ਹੁਕਮ ਦਿੱਤਾ ਸੀ। ਸੀਬੀਆਈ ਨੇ ਸੋਮਵਾਰ ਨੂੰ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਸੰਦੀਪ ਘੋਸ਼ ਨੂੰ ਹਸਪਤਾਲ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।

Related posts

ਯੂਪੀ ਦੇ ਮੁੱਖ-ਮੰਤਰੀ ਯੋਗੀ ਦਾ ਸਿੰਗਾਪੁਰ ਦੌਰੇ ਦੌਰਾਨ ਕਈ ਨਿਵੇਸ਼ਕਾਂ ਨਾਲ ਮੀਟਿੰਗਾਂ ਦੇ ਦੌਰ

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

AI ਬਹੁਤ ਕੁੱਝ ਕਰ ਸਕਦਾ ਪਰ ਇਹ ਦਿੱਲੀ ਦੇ ਟ੍ਰੈਫਿਕ ਨੂੰ ਠੀਕ ਨਹੀਂ ਕਰ ਸਕਦਾ – ਰਿਸ਼ੀ ਸੁਨਕ