ਕੋਲਕਾਤਾ ਬਲਾਤਕਾਰ-ਕਤਲ ਮਾਮਲੇ ਦੀ ਜਾਂਚ ਪੂਰੀ ਗੰਭੀਰਤਾ ਨਾਲ ਜਾਰੀ: ਸੀ.ਬੀ.ਆਈ.

ਨਵੀਂ ਦਿੱਲੀ – ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੀ ਜਾਂਚ “ਬਹੁਤ ਗੰਭੀਰਤਾ” ਨਾਲ ਜਾਰੀ ਹੈ। ਸੀਬੀਆਈ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਜੇਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦੇ ਬੈਂਚ ਅੱਗੇ ਏਜੰਸੀ ਦੀ ਪੰਜਵੀਂ ਸਥਿਤੀ ਰਿਪੋਰਟ ਪੇਸ਼ ਕੀਤੀ।
ਮਹਿਤਾ ਨੇ ਬੈਂਚ ਨੂੰ ਕਿਹਾ, ’’ਮਾਮਲੇ ਦੀ ਜਾਂਚ ਪੂਰੀ ਗੰਭੀਰਤਾ ਨਾਲ ਚੱਲ ਰਹੀ ਹੈ। ਇਸ ਮਾਮਲੇ ਦੀ ਚਾਰਜਸ਼ੀਟ ਦੋਸ਼ੀ ਸੰਜੇ ਰਾਏ ਖ਼ਿਲਾਫ਼ 7 ਅਕਤੂਬਰ ਨੂੰ ਦਾਇਰ ਕੀਤੀ ਗਈ ਸੀ ਅਤੇ ਸਿਆਲਦਾਹ ਅਦਾਲਤ ਨੇ ਇਸ ਦਾ ਨੋਟਿਸ ਲਿਆ ਹੈ।’’ ਸਿਖਰਲੀ ਅਦਾਲਤ ਨੇ ਕਿਹਾ ਕਿ ਸੀਬੀਆਈ ਦੀ ਰਿਪੋਰਟ ਦਰਸਾਉਂਦੀ ਹੈ ਕਿ ਏਜੰਸੀ ਜਾਂਚ ਦੇ ਹਿੱਸੇ ਵਜੋਂ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਇਸ ਨੇ ਸੀਬੀਆਈ ਤੋਂ ਤਿੰਨ ਹਫ਼ਤਿਆਂ ਦੇ ਅੰਦਰ ਇੱਕ ਹੋਰ ਸਥਿਤੀ ਦੀ ਰਿਪੋਰਟ ਮੰਗੀ ਹੈ। ਮੈਡੀਕਲ ਪੇਸ਼ੇਵਰਾਂ ਦੀ ਸੁਰੱਖਿਆ ’ਤੇ ਸਿਫ਼ਾਰਸ਼ਾਂ ਕਰਨ ਲਈ ਗਠਿਤ ਨੈਸ਼ਨਲ ਟਾਸਕ ਫੋਰਸ (ਐੱਨਟੀਐੱਫ) ਦੇ ਮੁੱਦੇ ’ਤੇ ਸਿਖਰਲੀ ਅਦਾਲਤ ਨੇ ਕਿਹਾ ਕਿ ਸਤੰਬਰ ਦੇ ਪਹਿਲੇ ਹਫ਼ਤੇ ਤੋਂ ਇਸ ਦੀ ਕੋਈ ਮੀਟਿੰਗ ਨਹੀਂ ਹੋਈ ਹੈ।
ਸਿਖਰਲੀ ਅਦਾਲਤ ਨੇ ਕੇਂਦਰ ਨੂੰ ਇਹ ਯਕੀਨੀ ਬਣਾਉਣ ਲਈ ਸਰਗਰਮ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਕਿ ਕੰਮ ਨੂੰ ਉਚਿਤ ਸਮੇਂ ਦੇ ਅੰਦਰ ਪੂਰਾ ਕੀਤਾ ਜਾਵੇ। ਬੈਂਚ ਨੇ ਤਿੰਨ ਹਫ਼ਤਿਆਂ ਦੇ ਅੰਦਰ ਕੋਲਕਾਤਾ ਦੇ ਡਾਕਟਰਾਂ ਦੀ ਸੁਰੱਖਿਆ ’ਤੇ ਸਿਫਾਰਿਸ਼ਾਂ ਤਿਆਰ ਕਰਨ ਦਾ ਨਿਰਦੇਸ਼ ਦਿੰਦੇ ਹੋਏ ਕਿਹਾ, ‘ਸਮੇਂ-ਸਮੇਂ ’ਤੇ ਐਨ.ਟੀ.ਐਫ. ਦੀਆਂ ਬੈਠਕਾਂ ਹੋਣੀਆਂ ਚਾਹੀਦੀਆਂ ਹਨ ਅਤੇ ਸਾਰੇ ਉਪ-ਸਮੂਹਾਂ ਨੂੰ ਨਿਯਮਤ ਤੌਰ ’ਤੇ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ।’ ਅਦਾਲਤ ਨੇ 30 ਸਤੰਬਰ ਨੂੰ ਪੱਛਮੀ ਬੰਗਾਲ ਸਰਕਾਰ ਦੀ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਸੀਸੀਟੀਵੀ ਲਗਾਉਣ ਅਤੇ ਪਖਾਨੇ ਅਤੇ ਵੱਖਰੇ ਆਰਾਮ ਕਮਰਿਆਂ ਦੀ ਉਸਾਰੀ ਵਿੱਚ “ਧੀਮੀ” ਪ੍ਰਗਤੀ ’ਤੇ ਅਸੰਤੁਸ਼ਟੀ ਜ਼ਾਹਰ ਕੀਤੀ ਸੀ ਅਤੇ ਰਾਜ ਸਰਕਾਰ ਨੂੰ ਇਹ ਕੰਮ 15 ਅਕਤੂਬਰ ਤੱਕ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਸਨ।

Related posts

ਆਈਫੋਨ 2025 ਵਿੱਚ ਭਾਰਤ ਦਾ ਸਭ ਤੋਂ ਵੱਧ ਨਿਰਯਾਤ ਉਤਪਾਦ ਬਣਿਆ

ਯੂਪੀ ਦੇ ਮੁੱਖ-ਮੰਤਰੀ ਯੋਗੀ ਦਾ ਸਿੰਗਾਪੁਰ ਦੌਰੇ ਦੌਰਾਨ ਕਈ ਨਿਵੇਸ਼ਕਾਂ ਨਾਲ ਮੀਟਿੰਗਾਂ ਦੇ ਦੌਰ

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !