ਕੈਨਬਰਾ – ਆਸਟ੍ਰੇਲੀਆ ਦੇ ਵਿੱਚ ਮਾਸਕ ਲਾਜ਼ਮੀ ਤੌਰ ‘ਤੇ ਪਹਿਨਣ ਜਾਂ ਇਸ ਵਿੱਚ ਢਿੱਲ ਦੇਣ ਬਾਰੇ ਬਹਿਸ ਸ਼ੁਰੂ ਹੋ ਗਈ ਹੈ। ਫੈਡਰਲ ਮੰਤਰੀ ਮਰੀ ਵਾਟ ਨੇ ਸਿਹਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੌਮੀ ਪੱਧਰ ‘ਤੇ ਮਾਸਕ ਲਾਜ਼ਮੀ ਪਹਿਨਣ ਜਾਂ ਇਸ ਵਿਚ ਢਿੱਲ ਦੇਣ ਬਾਰੇ ਵਿਚਾਰ ਵਟਾਂਦਰਾ ਕਰਨ। ਇਸ ਦੇ ਮੱਦੇਨਜ਼ਰ ਕੁਈਨਜ਼ਲੈਂਡ ਦੇ ਮੁੱਖ ਸਿਹਤ ਅਧਿਕਾਰੀ ਜੌਹਨ ਜੈਰਾਰਡ ਨੇ ਕਿਹਾ ਹੈ ਕਿ ਆਸਟ੍ਰੇਲੀਆ ਵਿਚ ਓਮੀਕ੍ਰੋਨ ਦੇ ਨਵੇਂ ਬੀਏ-4 ਅਤੇ ਬੀਏ-5 ਵੈਰੀਐਂਟ ਕੇਸ ਸਾਹਮਣੇ ਆਉਣ ਦੇ ਮੱਦੇਨਜ਼ਰ ਮਾਸਕ ਹਾਲੇ ਲਾਜ਼ਮੀ ਤੌਰ ‘ਤੇ ਪਹਿਨਣਾ ਜਾਰੀ ਰੱਖਿਆ ਜਾਵੇ। ਜੌਹਨ ਜੈਰਾਰਡ ਨੇ ਕਿਹਾ ਕਿ ਬਿਮਾਰੀ ਦਾ ਦਬਾਅ ਨਾ ਵਧੇ, ਇਸ ਕਰਕੇ ਕੌਮੀ ਪੱਧਰ ‘ਤੇ ਮਾਸਕ ਪਾਉਣਾ ਲਾਜ਼ਮੀ ਕਰਾਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਮੈਂ ਨਿੱਜੀ ਤੌਰ ‘ਤੇ ਨਹੀਂ ਚਾਹੁੰਦਾ ਕਿ ਮਾਸਕ ਲਾਜ਼ਮੀ ਕੀਤਾ ਜਾਵੇ ਪਰ ਇਹ ਵੀ ਸਵੀਕਾਰ ਕਰਦਾ ਹਾਂ ਕਿ ਇਸ ‘ਤੇ ਵਿਚਾਰ ਕੀਤਾ ਗਿਆ ਹੈ।
ਫੈਡਰਲ ਲੇਬਰ ਮੰਤਰੀ ਮੂਰੇ ਵਾਟ ਨੇ ਕਿਹਾ ਕਿ ਹੁਣ ਤੱਕ ਸਾਨੂੰ ਅਜਿਹੀ ਸਲਾਹ ਨਹੀਂ ਮਿਲੀ ਕਿ ਮਾਸਕ ਨੂੰ ਲਾਜ਼ਮੀ ਕੀਤਾ ਜਾਵੇ। ਇਹ ਵਿਚਾਰ ਵਟਾਂਦਰਾ ਸੂਬਾ ਸਰਕਾਰਾਂ ਨਾਲ ਕੀਤਾ ਜਾਵੇਗਾ। ਹੁਣ ਤੱਕ ਮਾਸਕ ਵਿਚ ਢਿੱਲ ਦਿੱਤੀ ਗਈ ਸੀ, ਇਸ ਦਰਮਿਆਨ ਓਮੀਕ੍ਰੋਨ ਵੈਰੀਐਂਟ ਦਾ ਖਤਰਾ ਵੱਧ ਗਿਆ, ਜਿਸ ਤੋਂ ਕਾਫੀ ਲੋਕ ਪ੍ਰਭਾਵਿਤ ਹੋਏ।
ਡੀਕਿਨ ਯੂਨੀਵਰਸਿਟੀ ਦੇ ਮਹਾਂਮਾਰੀ ਚੇਅਰ ਦੇ ਮਾਹਿਰ ਕੈਥਰੀਨ ਬੈਨੇਟ ਦਾ ਕਹਿਣਾ ਹੈ ਕਿ ਅਜਿਹਾ ਕੋਈ ਹੋਰ ਵੀ ਵੈਰੀਐਂਟ ਸਾਹਮਣੇ ਆ ਸਕਦਾ ਹੈ, ਬੇਸ਼ੱਕ ਆਸਟ੍ਰੇਲੀਆ ਵਿਚ ਬਾਕੀ ਮੁਲਕਾਂ ਮੁਕਾਬਲੇ ਮੌਤ ਦਰ ਕਾਫੀ ਘੱਟ ਰਹੀ ਹੈ। ਉਹ ਕਹਿੰਦੇ ਹਨ ਕਿ ਅਸੀਂ ਨਿਊਜ਼ੀਲੈਂਡ, ਤਾਈਵਾਨ ਅਤੇ ਜਾਪਾਨ ਵਾਂਗ ਕਾਫੀ ਬਚਾਅ ਕੀਤਾ ਹੈ। ਪਰ ਜੇਕਰ ਅਸੀਂ ਇੰਗਲੈਂਡ ਅਤੇ ਕੈਨੇਡਾ ਨਾਲ ਇਸ ਦੀ ਤੁਲਨਾ ਕਰੀਏ ਤਾਂ ਉਹਨਾਂ ਦੇ ਅੰਕੜੇ ਡਰਾਉਣ ਵਾਲੇ ਹਨ। ਆਸਟ੍ਰੇਲੀਆ ਵਿੱਚ ਹੁਣ ਤੱਕ ਕੋਵਿਡ-19 ਮਾਰਨ 10,010 ਲੋਕਾਂ ਦੀ ਮੌਤ ਹੋਈ ਹੈ। ਪਰ ਪਿਛਲੇ 6 ਮਹੀਨਿਆਂ ਦਰਮਿਆਨ 7 ਹਜ਼ਾਰ ਦੇ ਕਰੀਬ ਲੋਕੀਂ ਹੋਰ ਪ੍ਰਭਾਵਿਤ ਮਿਲੇ ਹਨ ਅਤੇ ਕਈ ਮੌਤਾਂ ਹੋਈਆਂ ਹਨ। ਉਹ ਕਹਿੰਦੇ ਹਨ ਕਿ ਹੁਣ ਤੱਕ ਦੀਆਂ ਮਹਾਂਮਾਰੀਆਂ ਮੁਕਾਬਲੇ ਇਸ ਬਿਮਾਰੀ ਨੇ ਸਾਡਾ ਕਿੰਨਾ ਨੁਕਸਾਨ ਕੀਤਾ ਹੈ, ਇਸ ਬਾਰੇ ਵੀ ਅੰਕੜੇ ਜੁਟਾਏ ਜਾ ਰਹੇ ਹਨ।