ਤਰਨਤਾਰਨ – ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਜਿੰਨਾ ਕੋਲ ਹੋਰ ਵਿਭਾਗਾਂ ਦੇ ਨਾਲ-ਨਾਲ ਖੇਡ ਵਿਭਾਗ ਦੀ ਜ਼ਿੰਮੇਵਾਰੀ ਹੈ, ਵੱਲੋਂ ਅੱਜ ਤਰਨਤਾਰਨ ਦੇ ਖੇਡ ਸਟੇਡੀਅਮ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਇੰਨਡੋਰ ਅਤੇ ਆਊਟਡੋਰ ਸਟੇਡੀਅਮ, ਸਿੰਥੈਟਿਕ ਟਰੇਕ, ਯੂਥ ਹੋਸਟਲ ਦਾ ਦੌਰਾ ਕੀਤਾ ਅਤੇ ਖਿਡਾਰੀਆਂ, ਜਿੰਨਾ ਵਿਚ ਬੱਚੇ ਤੇ ਨੌਜਵਾਨ ਸ਼ਾਮਿਲ ਸਨ, ਨਾਲ ਵਿਸਥਾਰ ਵਿਚ ਗੱਲਬਾਤ ਕੀਤੀ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਵਿਧਾਇਕ ਕਸ਼ਮੀਰ ਸਿੰਘ ਸੋਹਲ ਅਤੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਐਸ ਪੀ ਵਿਸ਼ਾਲਜੀਤ ਸਿੰਘ, ਖੇਡ ਅਧਿਕਾਰੀ ਇੰਦਰਵੀਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਇਸ ਮੌਕੇ ਗੱਲਬਾਤ ਕਰਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੈਂ ਪੰਜਾਬ ਲਈ ਤਿਆਰ ਹੋਣ ਵਾਲੀ ਨਵੀਂ ਖੇਡ ਨੀਤੀ ਲਈ ਕੰਮ ਕਰ ਰਿਹਾ ਹਾਂ ਅਤੇ ਅੱਜ ਮੇਰੇ ਮਾਣਯੋਗ ਵਿਧਾਇਕ ਸਾਥੀਆਂ ਦੇ ਸੱਦੇ ਉਤੇ ਸ਼ਹਿਰ ਦੇ ਸਟੇਡੀਅਮਾਂ ਦੀ ਹਾਲਤ ਵੇਖਣ ਲਈ ਆਇਆ ਹਾਂ ਅਤੇ ਇੱਥੇ ਖੇਡ ਅਧਿਕਾਰੀਆਂ ਤੇ ਖਿਡਾਰੀਆਂ ਨਾਲ ਮਿਲਣ ਦਾ ਮੌਕਾ ਮਿਲਿਆ ਹੈ, ਜਿੰਨਾ ਤੋਂ ਮਿਲੇ ਸੁਝਾਅ ਵਧੀਆ ਖੇਡ ਨੀਤੀ ਤਿਆਰ ਕਰਨ ਲਈ ਕੀਮਤੀ ਹੋਣਗੇ। ਉਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਮੁੜ ਤੋਂ ਹੱਸਦਾ-ਖੇਡਦਾ ਪੰਜਾਬ ਵੇਖਣਾ ਚਾਹੁੰਦੇ ਹਨ ਅਤੇ ਇਸ ਆਸ਼ੇ ਲਈ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਮੇਰੇ ਕੋਲ ਖੇਡ ਵਿਭਾਗ ਹੋਣ ਕਾਰਨ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਬੱਚਿਆਂ ਨੂੰ ਖੇਡਣ ਲਈ ਚੰਗੇ ਖੇਡ ਮੈਦਾਨ, ਖਿਡਾਉਣ ਲਈ ਕੋਚ ਤੇ ਹੋਰ ਸਹੂਲਤਾਂ ਦੇਵਾਂ। ਮੀਤ ਹੇਅਰ ਨੇ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਸਾਡੀ ਖੇਡ ਨੀਤੀ ਪਿੰਡਾਂ ਤੇ ਸ਼ਹਿਰਾਂ ਵਿਚ ਖਿਡਾਰੀ ਦੀ ਪਨੀਰੀ ਤਿਆਰ ਕਰਨ ਵਾਲੀ ਹੋਵੇ ਅਤੇ ਇਹ ਕੇਵਲ ਜੇਤੂ ਖਿਡਾਰੀ ਦੇ ਸਨਮਾਨ ਤੱਕ ਸੀਮਤ ਨਾ ਰਹੇ। ਉਨਾਂ ਕਿਹਾ ਕਿ ਮੈਂ ਅੱਜ ਸਟੇਡੀਅਮਾਂ ਦੀ ਹਾਲਤ ਅਤੇ ਖੇਡ ਲਈ ਕੋਚਾਂ ਬਾਰੇ ਜਾਣਿਆ ਹੈ ਅਤੇ ਛੇਤੀ ਹੀ ਇਸ ਵਿਚ ਸੁਧਾਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਕੰਮ ਕਰ ਰਹੇ ਹਨ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਨੌਜਵਾਨ ਖੇਡਾਂ ਦੇ ਮੈਦਾਨ ਵਿਚ ਆਉਣ ਤੇ ਖੇਡਣ। ਇਸ ਲਈ ਚੰਗੇ ਖੇਡ ਮੈਦਾਨ ਅਤੇ ਕੋਚ ਦੇਣੇ ਮੇਰੀ ਤਰਜੀਹ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਹਰੇਕ ਵਿਭਾਗ ਵਿਚ ਲੋੜ ਅਨੁਸਾਰ ਭਰਤੀ ਸ਼ੁਰੂ ਕਰ ਚੁੱਕੀ ਹੈ ਅਤੇ ਇਸ ਸਾਲ ਵਿਚ ਹੀ ਕਰੀਬ 20 ਹਜ਼ਾਰ ਅਧਿਆਪਕ ਭਰਤੀ ਕੀਤੇ ਜਾ ਰਹੇ ਹਨ, ਜਿਸ ਵਿਚੋਂ ਵੱਡੀ ਗਿਣਤੀ ਅਧਿਆਪਕਾਂ ਦੀ ਤਾਇਨਾਤੀ ਵੀ ਬੇਹੱਦ ਲੋੜ ਵਾਲੇ ਸਰਹੱਦੀ ਜਿਲ੍ਹੇ, ਜਿਸ ਵਿਚ ਤਰਨਤਾਰਨ ਵੀ ਸ਼ਾਮਿਲ ਹੈ, ਵਿਚ ਕੀਤੀ ਜਾ ਰਹੀ ਹੈ।