ਖੇਤੀਬਾੜੀ ਦੀ ਪੜ੍ਹਾਈ ਨੂੰ ਮੁੜ ਤੋਂ ਸਰਕਾਰੀ ਕਰਨ ਦਾ ਭਰੋਸਾ

ਫਰੀਦਕੋਟ – ਸੰਯੁਕਤ ਕਿਸਾਨ ਮੋਰਚੇ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸ਼ਹਿਰ ਵਿਚ 28 ਅਗਸਤ ਨੂੰ ਮੁਜ਼ਾਹਰਾ ਕਰਕੇ ਗੁਰਦਿੱਤ ਸਿੰਘ ਸੇਖੋਂ ਦੇ ਘਰ ਦਾ ਘਿਰਾਓ ਕੀਤਾ ਗਿਆ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਚਲਦੀ ਬੀ ਐੱਸ ਸੀ ਖੇਤੀਬਾੜੀ ਦੇ ਕੋਰਸ ਦੀ ਮਾਨਤਾ ਰੱਦ ਕਰਕੇ ਪ੍ਰਾਈਵੇਟ ਕਰ ਦਿੱਤਾ ਗਿਆ ਹੈ। ਜਿਸ  ਖ਼ਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ। ਐਮ ਐਲ ਏ ਗੁਰਦਿੱਤ ਸਿੰਘ ਸੇਖੋਂ ਵੱਲੋਂ ਇੱਕ ਹਫ਼ਤੇ ਵਿੱਚ ਕੋਰਸ ਨੂੰ ਮੁੜ ਤੋਂ ਸਰਕਾਰੀ ਕਰਵਾਉਣ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਧਰਨਾ ਮੁਲਤਵੀ ਕੀਤਾ ਗਿਆ। ਜਿਕਰਯੋਗ ਹੈ ਕਿ ਇੱਕ ਮਹੀਨੇ ਤੋਂ ਵਿਦਿਆਰਥੀ ਕੋਰਸ ਨੂੰ ਬਹਾਲ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਅਤੇ 23 ਦਿਨਾਂ ਤੋਂ ਕਾਲਜ ਅੰਦਰ ਪੱਕਾ ਧਰਨਾ ਚਲ ਰਿਹਾ ਹੈ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਧੀਰਜ ਕੁਮਾਰ ਅਤੇ ਹਰਵੀਰ ਕੌਰ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ  ਕੌਮੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਅਤੇ ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਆਗੂ ਬਖਤੌਰ ਸਿੰਘ ਸਾਦਿਕ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਅਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਚੰਗੀ ਸਿਹਤ ਸਿੱਖਿਆ ਰੁਜ਼ਗਾਰ ਦੇਣ ਦੇ ਵਾਇਦੇ ਕੀਤੇ ਸਨ ਪਰ ਸਰਕਾਰ ਨੇ ਕਿਸੇ ਵੀ ਵਾਇਦੇ ਨੂੰ ਪੂਰਾ ਨਹੀਂ ਕੀਤਾ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਸੁਰਜੀਤ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕਾਮਰੇਡ ਦਲੀਪ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਨੇ ਕਿਹਾ ਕਿ  ਪੰਜਾਬ ਸਰਕਾਰ ਵੀ ਲਗਾਤਾਰ ਕੇਂਦਰ ਦੀਆਂ ਮਾਰੂ ਨੀਤੀਆਂ ਨੂੰ ਲਾਗੂ ਕਰ ਰਹੀ ਹੈ। ਕੇਂਦਰ ਸਰਕਾਰ ਨੇ ਸੂਬਿਆਂ ਦਾ ਅਧਿਕਾਰ ਖ਼ਤਮ ਕਰਦਿਆਂ ਨਵੀਂ ਸਿੱਖਿਆ ਨੀਤੀ ਨੂੰ ਸੂਬਿਆਂ ਉਪਰ ਥੋਪਿਆ, ਇਸ ਨੀਤੀ ਨੂੰ ਕਈ ਸੂਬਾ ਸਰਕਾਰਾਂ ਨੇ ਲਾਗੂ ਕਰਨ ਤੋਂ ਮਨ੍ਹਾ ਵੀ ਕੀਤਾ ਹੈ, ਪਰ ਪੰਜਾਬ ਸਰਕਾਰ ਆਪਣੀ ਸਿੱਖਿਆ ਨੀਤੀ ਬਣਾਉਣ ਦੀ ਬਜਾਏ ਕੇਂਦਰ ਦੀ ਨੀਤੀ ਲਾਗੂ ਕਰ ਰਹੀ ਹੈ, ਜਿਸ ਤਹਿਤ ਸਰਕਾਰੀ ਵਿੱਦਿਅਕ ਅਦਾਰਿਆਂ ਨੂੰ ਖ਼ਤਮ ਕਰਕੇ ਸਿੱਖਿਆ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਕੌਮੀ ਕਿਸਾਨ ਯੂਨੀਅਨ ਦੇ ਆਗੂ ਸ਼ਮਸ਼ੇਰ ਸਿੰਘ ਕਿੰਗਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਜਗਸੀਰ ਸਿੰਘ ਸਾਧੂਵਾਲਾ ਨੇ ਕਿਹਾ ਕਿ ਨਿਜੀਕਰਨ ਦੀ ਨੀਤੀ ਤਹਿਤ ਇਸੇ ਤਰ੍ਹਾਂ ਸਰਕਾਰੀ ਕਾਲਜ ਵਿੱਚ ਚਲਦੀ ਬੀ ਐੱਸ ਸੀ ਖੇਤੀਬਾੜੀ ਦੀ ਪੜ੍ਹਾਈ ਨੂੰ ਪ੍ਰਾਈਵੇਟ ਕੀਤਾ ਗਿਆ ਹੈ। ਪਿਛਲੀ ਕਾਂਗਰਸ ਸਰਕਾਰ ਵੇਲੇ ਖੇਤੀਬਾੜੀ ਦੀ ਪੜ੍ਹਾਈ ਨੂੰ ਬੰਦ ਕੀਤਾ ਗਿਆ, ਜਿਸ ਖ਼ਿਲਾਫ  ਆਮ ਆਦਮੀਂ ਪਾਰਟੀ ਦੇ ਮਜੂਦਾ ਐਮ ਐਲ ਏ ਗੁਰਦਿੱਤ ਸਿੰਘ ਸੇਖੋਂ ਵੀ ਧਰਨਿਆਂ ਦਾ ਹਿੱਸਾ ਬਣਦੇ ਰਹੇ , ਪਰ ਹੁਣ ਇਹ ਸਰਕਾਰ ਵੀ ਬਾਕੀ ਸਰਕਾਰਾਂ ਵਾਂਗ ਸਿੱਖਿਆ ਨੂੰ ਨਿੱਜੀ ਹੱਥਾਂ ਵਿੱਚ ਦੇਣ ਲਈ ਕਾਹਲੀ ਹੈ।
ਇਸ ਕੋਰਸ ਦੇ ਪ੍ਰਾਈਵੇਟ ਹੋਣ ਨਾਲ ਆਮ ਘਰਾਂ ਦੇ ਵਿਦਿਆਰਥੀ ਸਿੱਖਿਆ ਤੋਂ ਬਾਹਰ ਹੋਣਗੇ। ਅਗਰ ਖੇਤੀਬਾੜੀ ਦੀ ਪੜ੍ਹਾਈ ਬੰਦ ਹੁੰਦੀ ਹੈ ਤਾਂ ਖ਼ੇਤੀ ਸੈਕਟਰ ਨੂੰ ਵੀ ਨੁਕਸਾਨ ਹੋਵੇਗਾ,  ਪਹਿਲਾਂ ਹੀ ਪੰਜਾਬ ਦਾ ਖੇਤੀ ਸੈਕਟਰ ਮਾੜੀ ਹਾਲਤ ਵਿੱਚ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਖੇਤੀਬਾੜੀ ਦੀ ਪੜ੍ਹਾਈ ਨੂੰ ਪ੍ਰਫੁੱਲਿਤ ਕੀਤਾ ਜਾਵੇ, ਹੋਰ  ਕਾਲਜਾਂ ਵਿਚ ਵੀ ਖੇਤੀਬਾੜੀ ਦੇ ਕੋਰਸ ਸ਼ੁਰੂ ਕੀਤੇ ਜਾਣ।ਇਸ ਮੌਕੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਗੁਰਦਿਆਲ ਸਿੰਘ ਭੱਟੀ ਨੇ ਸੰਘਰਸ਼ ਦੀ ਹਮਾਇਤ ਕੀਤੀ।
ਧਰਨੇ ਵਿਚ ਪਹੁੰਚ ਕੇ ਐਮ ਐਲ ਏ ਵੱਲੋਂ ਜਲਦੀ ਦਾਖਲੇ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਅਤੇ ਇੱਕ ਹਫਤੇ ਵਿੱਚ ਕੋਰਸ ਨੂੰ ਸਰਕਾਰੀ ਕਰਨ ਦਾ ਵਾਇਦਾ ਕੀਤਾ, ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਸਰਕਾਰ ਵੱਲੋਂ ਕੋਰਸ ਨੂੰ ਸਰਕਾਰੀ ਕਰਕੇ ਕੋਰਸ ਦੀ ਮਾਨਤਾ ਬਹਾਲ ਨਹੀਂ ਕੀਤੀ ਤਾਂ ਸੰਯੁਕਤ ਕਿਸਾਨ ਮੋਰਚਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਸੰਘਰਸ਼ ਜਾਰੀ ਰੱਖਣਗੇ।

Related posts

ਆਧੁਨਿਕ ਤਕਨੀਕ ਨਾਲ ਛੇੜਛਾੜ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਸੁਚੇਤ – ਐਡਵੋਕੇਟ ਧਾਮੀ

ਟੀਚਰ ਵਲੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ‘ਤੇ ਵਿਦਿਆਰਥਣ ਵਲੋਂ ਹੋਸਟਲ ‘ਚ ਖੁਦਕਸ਼ੀ

ਸਾਹਿਰ ਲੁਧਿਆਣਵੀ ਅਤੇ ਅਮ੍ਰਿਤਾ ਪ੍ਰੀਤਮ ਦੇ ਸਬੰਧਾਂ ’ਤੇ ਆਧਾਰਿਤ ਨਾਟਕ ‘ਵੋ ਅਫਸਾਨਾ’ ਦਾ ਮੰਚਨ