ਏਅਰ ਇੰਡੀਆ ਐਕਸਪ੍ਰੈੱਸ ਚੰਡੀਗੜ੍ਹ ਅਤੇ ਪੁਣੇ ਵਿਚਕਾਰ ਇੱਕ ਰੋਜ਼ਾਨਾ ਉਡਾਣ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਫਲਾਈਟ ਰੋਜ਼ਾਨਾ ਰਾਤ ਨੂੰ 12:45 ਵਜੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਰਵਾਨਾ ਹੋਵੇਗੀ ਅਤੇ ਤੜਕੇ 3:10 ਵਜੇ ਪੁਣੇ ਪਹੁੰਚੇਗੀ। ਵਾਪਸੀ ਵਿੱਚ ਇਹ ਪੁਣੇ ਤੋਂ ਤੜਕੇ 3:45 ਵਜੇ ਰਵਾਨਾ ਹੋ ਕੇ ਸਵੇਰੇ 6:05 ਵਜੇ ਚੰਡੀਗੜ੍ਹ ਪਹੁੰਚੇਗੀ। ਗਰਮੀਆਂ ਦੇ ਸ਼ਡਿਊਲ ਤਹਿਤ ਚੰਡੀਗੜ੍ਹ ਏਅਰਪੋਰਟ ਤੋਂ ਅੱਧੀ ਰਾਤ ਤੋਂ ਬਾਅਦ ਚੱਲਣ ਵਾਲੀ ਇਹ ਪਹਿਲੀ ਉਡਾਣ ਹੋਵੇਗੀ। ਇਸ ਦੇ ਨਾਲ ਹੀ ਚੰਡੀਗੜ੍ਹ ਅਤੇ ਬੰਗਲੁਰੂ ਵਿਚਕਾਰ ਸੰਪਰਕ ਨੂੰ ਹੋਰ ਮਜ਼ਬੂਤ ਕਰਦੇ ਹੋਏ ਇੱਕ ਨਵੀਂ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਇਹ ਫਲਾਈਟ ਸਵੇਰੇ 6:40 ਵਜੇ ਚੰਡੀਗੜ੍ਹ ਏਅਰਪੋਰਟ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 9:55 ਵਜੇ ਬੰਗਲੁਰੂ ਦੇ ਕੈਂਪੇਗੌੜਾ ਏਅਰਪੋਰਟ ਦੇ ਟਰਮੀਨਲ 2 ‘ਤੇ ਪਹੁੰਚੇਗੀ। ਵਾਪਸੀ ਵਿੱਚ, ਇਹ ਰਾਤ 9:15 ਵਜੇ ਬੰਗਲੁਰੂ ਤੋਂ ਰਵਾਨਾ ਹੋ ਕੇ ਰਾਤ 12:15 ਵਜੇ ਚੰਡੀਗੜ੍ਹ ਪਹੁੰਚੇਗੀ।
ਏਅਰਪੋਰਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਨਵੀਆਂ ਉਡਾਣਾਂ ਲਈ ਬੁਕਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। 1 ਜੂਨ ਤੋਂ ਇਸ ਉਡਾਣ ਦੇ ਸ਼ੁਰੂ ਹੋਣ ਤੋਂ ਬਾਅਦ ਯਾਤਰੀਆਂ ਦੀ ਭੀੜ ਨੂੰ ਸੰਭਾਲਣ ਲਈ ਚੰਡੀਗੜ੍ਹ ਅਤੇ ਬੰਗਲੁਰੂ ਵਿਚਕਾਰ ਕੁੱਲ ਪੰਜ ਨਾਨ-ਸਟਾਪ ਉਡਾਣਾਂ ਉਪਲੱਬਧ ਹੋ ਜਾਣਗੀਆਂ। ਮੌਜੂਦਾ ਸਮੇਂ ਵਿੱਚ ਚੰਡੀਗੜ੍ਹ-ਪੁਣੇ (ਰਾਤ 10:50 ਵਜੇ ਤੋਂ 1:10 ਵਜੇ) ਅਤੇ ਪੁਣੇ-ਚੰਡੀਗੜ੍ਹ (ਤੜਕੇ 3 ਵਜੇ ਤੋਂ 5:20 ਵਜੇ) ਵਿਚਕਾਰ ਸਿਰਫ਼ ਇੱਕ ਹੀ ਉਡਾਣ ਚੱਲ ਰਹੀ ਹੈ, ਜਿਸ ਦਾ ਸੰਚਾਲਨ ਇੰਡੀਗੋ ਐੇਅਰਲਾਈਨਜ਼ ਵੱਲੋਂ ਕੀਤਾ ਜਾ ਰਿਹਾ ਹੈ।