ਟਰੰਪ ਦੀ ਦਾਅਵੇਦਾਰੀ ਨੂੰ ਹੇਲੀ ਤੋਂ ਸਖ਼ਤ ਚੁਣੌਤੀ

ਮਿਲਟਨ – 10 ਮਹੀਨਿਆਂ ਦੀ ਲੰਬੀ ਚੋਣ ਮੁਹਿੰਮ ਤੋਂ ਬਾਅਦ ਇੱਕ 30 ਸਕਿੰਟ ਦੀ ਵੀਡੀਓ ’ਚ ਪਤਾ ਲੱਗਦਾ ਹੈ ਕਿ ਭਾਰਤੀ ਮੂਲ ਦੀ ਨਿਕੀ ਹੇਲੀ ਅਮਰੀਕੀ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੀ ਨਾਮਜ਼ਦਗੀ ਦੀ ਦੌੜ ’ਚ ਕਿੱਥੇ ਹੈ। ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦੇ ਸਹਿਯੋਗੀਆਂ ਵਲੋਂ ਜਾਰੀ ਕੀਤੇ ਗਏ ਇੱਕ ਟੈਲੀਵਿਯਨ ਇਸ਼ਤਿਹਾਰ ’ਚ ਨਿਕੀ ਹੇਲੀ ਉੱਤੇ ਦੱਖਣੀ ਕੈਰੋਲਾਈਨਾ ਦੀ ਗਵਰਨਰ ਹੁੰਦਿਆਂ ਗੈਸ ਟੈਕਸ ਦੇ ਮੁੱਦੇ ਉੱਤੇ ਢਿੱਲਮੱਠ ਵਾਲਾ ਰਵੱਈਆ ਅਪਨਾਉਣ ਦਾ ਦੋਸ਼ ਲਾਇਆ ਗਿਆ ਹੈ। ਇਸ ਇਸ਼ਤਿਹਾਰ ਨੂੰ ਦੇਖ ਕੇ ਚਾਰਲਸਟਨ ਸਥਿਤ ਹੇਲੀ ਦੇ ਹੈੱਡਕੁਆਰਟਰ ’ਤੇ ਸ਼ੈਂਪੇਨ ਦੇ ਜਾਮ ਛਲਕਾਏ ਗਏ। ਹੇਲੀ ਨੇ ਸੋਸ਼ਲ ਮੀਡੀਆ ਪੋਸਟ ’ਚ ਲਿਖਿਆ, “ਕੋਈ ਘਬਰਾ ਰਿਹਾ ਹੈ।”
ਨਿਕੀ ਹੇਲੀ ਨੇ ਜਦੋਂ ਪਿਛਲੇ ਸਾਲ ਫ਼ਰਵਰੀ ’ਚ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਰੀਪਬਲੀਕਨ ਪਾਰਟੀ ਦੇ ਕਈ ਨੇਤਾਵਾਂ ਨੇ ਇਹ ਨਹੀਂ ਸੀ ਸੋਚਿਆ ਕਿ ਉਹ ਟਰੰਪ ਦੀ ਉਮੀਦਵਾਰੀ ਲਈ ਖ਼ਤਰਾ ਪੈਦਾ ਕਰ ਸਕਦੀ ਹੈ। ਪ੍ਰਾਇਮਰੀ ਚੋਣ ਵੋਟਿੰਗ ਦੇ ਸਮੇਂ ਉਹ ਕਈ ਰਾਸ਼ਟਰੀ ਅਤੇ ਸੂਬਾਈ ਸਰਵੇਖਣਾਂ ’ਚ ਟਰੰਪ ਤੋਂ ਬਾਅਦ ਦੂਜੇ ਸਥਾਨ ’ਤੇ ਆਈ ਸੀ। ਉਨ੍ਹਾਂ ਨੇ ਫ਼ਲੌਰੀਡਾ ਦੇ ਗਵਰਨਰ ਰੌਨ ਡੀਸੈਂਟਸ ਨੂੰ ਪਿੱਛੇ ਛੱਡ ਦਿੱਤਾ ਹੈ। ਉਹ ਹੌਲੀ-ਹੌਲੀ ਅੱਗੇ ਆਈ। ਸੰਭਾਵੀ ਉਮੀਦਵਾਰਾਂ ਦੀ ਬਹਿਸ ਦੇ ਰੂਪ ’ਚ ਹੇਲੀ ਨੇ ਬਹੁਤ ਸਾਰੇ ਰੀਪਬਲੀਕਨ ਸਮਰਥਕਾਂ ਅਤੇ ਦਾਨੀਆਂ ਨੂੰ ਯਕੀਨ ਦਿਵਾਇਆ ਹੈ ਕਿ ਉਹ ਟਰੰਪ ਅਤੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਹਰਾਉਣ ਲਈ ਸਭ ਤੋਂ ਵਧੀਆ ਉਮੀਦ ਹੈ।
ਨਿਕੀ ਹੇਲੀ ਲਈ ਸਮਰਥਨ ਵੱਧ ਰਿਹਾ ਹੈ। ਅਮੈਰੀਕਨਜ਼ ਫ਼ੌਰ ਪ੍ਰੋਸਪਰਿਟੀ ਦੇ ਸਮਰਥਨ ’ਚ ਨਿਊ ਹੈਂਪਸ਼ਾਇਰ ਸਟੇਟ ਦੇ ਗਵਰਨਰ ਕਿ੍ਰਸ ਸੁਨੂਨੂ ਦੀ ਸਿਆਸੀ ਐਕਸ਼ਨ ਕਮੇਟੀ ਖੁੱਲ੍ਹ ਕੇ ਨਿਕੀ ਦੇ ਹੱਕ ’ਚ ਆ ਗਈ ਹੈ। ਉਹ ਆਪਣੀ ਮੁਹਿੰਮ ’ਤੇ ਪਹਿਲਾਂ ਹੀ 33 ਕਰੋੜ ਰੁਪਏ ਖ਼ਰਚ ਕਰ ਚੁੱਕੀ ਹੈ। ਹਾਲ ਹੀ ’ਚ ਆਇਓਵਾ ਟਾਊਨ ਹਾਲ ’ਚ ਹੇਲੀ ਨੇ ਕਿਹਾ ਕਿ ਡੌਨਲਡ ਟਰੰਪ ਸਹੀ ਸਮੇਂ ’ਤੇ ਸਹੀ ਰਾਸ਼ਟਰਪਤੀ ਸੀ। ਮੈਂ ਉਸ ਦੀਆਂ ਕਈ ਨੀਤੀਆਂ ਨਾਲ ਸਹਿਮਤ ਹਾਂ, ਪਰ ਇਹ ਵੀ ਸੱਚ ਹੈ ਕਿ ਅਰਾਜਕਤਾ ਟਰੰਪ ਦਾ ਪਿੱਛਾ ਕਰਦੀ ਹੈ।”
ਉਹ ਕਹਿੰਦੀ ਹੈ, ਦੁਨੀਆਂ ਪਹਿਲਾਂ ਹੀ ਅੱਗ ਦੀ ਲਪੇਟ ’ਚ ਹੈ ਅਤੇ ਅਸੀਂ ਚਾਰ ਸਾਲਾਂ ਦੀ ਅਰਾਜਕਤਾ ਦੇ ਵਿਚਕਾਰ ਦੇਸ਼ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦੇ। ਹੇਲੀ ਨੇ ਆਇਓਵਾ ਅਤੇ ਨਿਊ ਹੈਂਪਸ਼ਾਇਰ ’ਚ ਛੋਟੀਆਂ ਮੀਟਿੰਗਾਂ ’ਚ ਇਸ ਨੂੰ ਦੁਹਰਾਇਆ। ਉਸ ਨੇ ਸਿੱਧੇ ਟਕਰਾਅ ਤੋਂ ਬਚਦੇ ਹੋਏ ਬਹੁਤ ਸਾਰੇ ਗ਼ੈਰ-ਟਰੰਪ ਰੀਪਬਲੀਕਨ ਸਮਰਥੱਕਾਂ ਨੂੰ ਆਪਣੇ ਹੱਕ ’ਚ ਕੀਤਾ ਹੈ। ਹੇਲੀ ਦੇ ਵਿਰੋਧੀ ਪ੍ਰਚਾਰ ਕਰ ਰਹੇ ਹਨ ਕਿ ਉਹ ਟਰੰਪ ਨਾਲ ਉੱਪ ਰਾਸ਼ਟਰਪਤੀ ਦੀ ਚੋਣ ਲੜਨਾ ਚਾਹੁੰਦੀ ਹੈ। ਇੱਕ ਇਕੱਠ ’ਚ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਟਰੰਪ ਨਾਲ ਉੱਪ ਰਾਸ਼ਟਰਪਤੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ, ਹੇਲੀ ਨੇ ਜਵਾਬ ਦਿੱਤਾ, “ਮੈਂ ਆਪਣੀ ਜ਼ਿੰਦਗੀ ’ਚ ਕਦੇ ਵੀ ਦੂਜੇ ਸਥਾਨ ਲਈ ਬਾਜ਼ੀ ਨਹੀਂ ਖੇਡੀ।”
ਰੀਪਬਲੀਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਹਾਸਿਲ ਕਰਨ ਲਈ ਹੇਲੀ ਦਾ ਰਾਹ ਮੁਸ਼ਕਿਲ ਰਿਹਾ ਹੈ। ਕਈ ਰਾਸ਼ਟਰੀ ਅਤੇ ਰਾਜ ਸਰਵੇਖਣਾਂ ’ਚ ਟਰੰਪ ਬਾਕੀਆਂ ਤੋਂ ਅੱਗੇ ਹੈ। ਕੁੱਝ ਦਾਅਵੇਦਾਰਾਂ ’ਤੇ ਉਸ ਦੀ ਲੀਡ 50 ਅੰਕਾਂ ਤਕ ਹੈ। ਹੇਲੀ ਇਸ ਦੇ ਸਹਿਯੋਗੀਆਂ ਦਾ ਤਰਕ ਹੈ ਕਿ ਵਿਰੋਧੀਆਂ ਦੇ ਘੱਟ ਹੋਣ ਨਾਲ ਹੇਲੀ ਸਮਰਥਕਾਂ ਦੀਆਂ ਵੋਟਾਂ ਹਾਸਲ ਕਰੇਗੀ। ਦੂਜੇ ਪਾਸੇ ਕਈ ਰੀਪਬਲੀਕਨ ਨੇਤਾਵਾਂ ਦਾ ਕਹਿਣਾ ਹੈ ਕਿ ਹੇਲੀ ਨੂੰ ਓਦੋਂ ਹੀ ਮੌਕਾ ਮਿਲ ਸਕਦਾ ਹੈ ਜੇਕਰ ਟਰੰਪ ਸਿਹਤ ਕਾਰਨਾਂ ਕਰ ਕੇ ਚੋਣ ਮੈਦਾਨ ਛੱਡਦਾ ਹੈ।

Related posts

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?