ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਸਟ੍ਰੇਲੀਆ ਅਤੇ ਭਾਰਤ ਸਮੇਤ ਦੁਨੀਆਂ ਦੇ ਲਗਭਗ 60 ਦੇਸ਼ਾਂ ਦੇ ਮੁਖੀਆਂ ਨੂੰ ਗਾਜ਼ਾ ਦੇ ਵਿੱਚ ਸ਼ਾਂਤੀ ਯੋਜਨਾ ਦੇ ਲਈ ਬਣਾਏ ਗਏ ‘ਬੋਰਡ ਆਫ਼ ਪੀਸ’ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।
ਇਸ ਦੇ ਲਈ ਆਸਟ੍ਰੇਲੀਆ, ਭਾਰਤ, ਪਾਕਿਸਤਾਨ, ਕੈਨੇਡਾ, ਬ੍ਰਿਟੇਨ, ਜਰਮਨੀ, ਤੁਰਕੀ, ਮਿਸਰ, ਅਰਜਨਟੀਨਾ, ਇੰਡੋਨੇਸ਼ੀਆ, ਇਟਲੀ ਅਤੇ ਮੋਰੋਕੋ ਸਮੇਤ ਲਗਭਗ 60 ਦੇਸ਼ਾਂ ਦੇ ਮੁਖੀਆਂ ਨੂੰ ਇਸ ਬੋਰਡ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਇਹ ‘ਬੋਰਡ ਆਫ਼ ਪੀਸ’ ਪਹਿਲਕਦਮੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗਾਜ਼ਾ ਜੰਗਬੰਦੀ ਯੋਜਨਾ ਦਾ ਹਿੱਸਾ ਹੈ। ਗਾਜ਼ਾ ਵਿੱਚ ਟਕਰਾਅ ਤੋਂ ਬਾਅਦ ਦੇ ਸ਼ਾਸਨ ਅਤੇ ਪੁਨਰ ਨਿਰਮਾਣ ਦੀ ਨਿਗਰਾਨੀ ਕਰਨ ਦੀ ਯੋਜਨਾ ਹੈ। ਇਹ ਬੋਰਡ ਗਾਜ਼ਾ ਵਿੱਚ ਸਥਿਰਤਾ ਅਤੇ ਖੁਸ਼ਹਾਲੀ ਲਿਆਉਣ ਲਈ ਕੰਮ ਕਰੇਗਾ। ਅਮਰੀਕਾ ਆਪਣੀ 20-ਨੁਕਾਤੀ ਵਿਆਪਕ ਯੋਜਨਾ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ ਅਤੇ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਦੁਨੀਆ ਭਰ ਦੇ ਕਈ ਪ੍ਰਮੁੱਖ ਨੇਤਾ ਇਸ ਬੋਰਡ ਦੇ ਵਿੱਚ ਸ਼ਾਮਲ ਹੋਣ ਲਈ ਸਹਿਮਤ ਹੋਏ ਹਨ।
ਰਾਸ਼ਟਰਪਤੀ ਡੋਨਾਲਡ ਟਰੰਪ ਖੁਦ ‘ਬੋਰਡ ਆਫ਼ ਪੀਸ’ ਦੇ ਚੇਅਰਮੈਨ ਹੋਣਗੇ। ਹੁਣ ਤੱਕ, ਇਸ ਬੋਰਡ ਵਿੱਚ ਡੋਨਾਲਡ ਟਰੰਪ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਟਰੰਪ ਦੇ ਵਿਸ਼ੇਸ਼ ਵਾਰਤਾਕਾਰ ਸਟੀਵ ਵਿਟਕੋਫ, ਉਨ੍ਹਾਂ ਦੇ ਜਵਾਈ ਜੈਰੇਡ ਕੁਸ਼ਨਰ, ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ, ਅਰਬਪਤੀ ਵਿੱਤਦਾਤਾ ਮਾਰਕ ਰੋਵਨ, ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਅਤੇ ਸੀਨੀਅਰ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਹਾਇਕ ਰਾਬਰਟ ਗੈਬਰੀਅਲ ਸ਼ਾਮਲ ਹਨ।
ਵ੍ਹਾਈਟ ਹਾਊਸ ਦੇ ਅਨੁਸਾਰ ਇਸ ਬੋਰਡ ਦਾ ਕੰਮ ਗਾਜ਼ਾ ਵਿੱਚ ਜੰਗ ਤੋਂ ਬਾਅਦ ਦੀ ਸਥਿਤੀ ਦੀ ਨਿਗਰਾਨੀ ਕਰਨਾ ਹੋਵੇਗਾ। ਇਹ ਬੋਰਡ ਮੁੱਖ ਤੌਰ ‘ਤੇ ਗਾਜ਼ਾ ਦੇ ਪੁਨਰ ਨਿਰਮਾਣ, ਜ਼ਰੂਰੀ ਨਿਵੇਸ਼ ਜੁਟਾਉਣ ਅਤੇ ਫੰਡਿੰਗ ਦਾ ਪ੍ਰਬੰਧ ਕਰਨ ‘ਤੇ ਧਿਆਨ ਕੇਂਦਰਿਤ ਕਰੇਗਾ। ਇਹ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਇਸ ਬੋਰਡ ਵਿੱਚ ਵਾਧੂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਉਦਾਹਰਣ ਵਜੋਂ, ਗਾਜ਼ਾ ਪ੍ਰਸ਼ਾਸਨ ਲਈ ਰਾਸ਼ਟਰੀ ਕਮੇਟੀ ਦਾ ਗਠਨ ਫਲਸਤੀਨੀ ਟੈਕਨੋਕਰੇਟ ਡਾ. ਅਲੀ ਸ਼ਾਥ ਦੀ ਅਗਵਾਈ ਹੇਠ ਕੀਤਾ ਜਾਵੇਗਾ। ਇਸਦਾ ਕੰਮ ਜਨਤਕ ਸੇਵਾਵਾਂ ਨੂੰ ਬਹਾਲ ਕਰਨਾ, ਸਿਵਲ ਸੰਸਥਾਵਾਂ ਦਾ ਪੁਨਰ ਨਿਰਮਾਣ ਕਰਨਾ ਅਤੇ ਗਾਜ਼ਾ ਵਿੱਚ ਰੋਜ਼ਾਨਾ ਜੀਵਨ ਨੂੰ ਬਿਹਤਰ ਬਣਾਉਣਾ ਹੋਵੇਗਾ। ਪ੍ਰਸ਼ਾਸਨਿਕ ਕੰਮਾਂ ਵਿੱਚ ਸਹਾਇਤਾ ਲਈ ਇੱਕ ਗਾਜ਼ਾ ਕਾਰਜਕਾਰੀ ਬੋਰਡ ਵੀ ਸਥਾਪਤ ਕੀਤਾ ਜਾਵੇਗਾ।