ਇਸਲਾਮਾਬਾਦ – ਤਾਲਿਬਾਨ ਲੜਾਕਿਆਂ ਵੱਲੋਂ ਸਰਹੱਦ ‘ਤੇ ਲਗਾਈ ਗਈ ਪਾਕਿਸਤਾਨ ਦੀ ਕੰਡਿਆਲੀ ਤਾਰ (ਵਾੜ) ਨੂੰ ਹਟਾਉਣ ਦੀ ਹਰ ਥਾਂ ਚਰਚਾ ਹੈ। ਪਾਕਿਸਤਾਨੀ ਸੰਸਦ ਦੇ ਸਾਬਕਾ ਸਪੀਕਰ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੀਨੀਅਰ ਨੇਤਾ ਰਾਜਾ ਰੱਬਾਨੀ ਨੇ ਸਵਾਲ ਕੀਤਾ ਕਿ ਤਾਲਿਬਾਨ ਜਦੋਂ ਪਾਕਿਸਤਾਨ ਦੀ ਸਰਹੱਦ ਦਾ ਸਨਮਾਨ ਨਹੀਂ ਕਰਦੇ ਤਾਂ ਅਸੀਂ ਸਹਿਯੋਗ ਦੇਣ ਦੀ ਗੱਲ ਕਿਉਂ ਕਰ ਰਹੇ ਹਾਂ? ਪਾਕਿਸਤਾਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਇਨਾਯਤੁੱਲਾ ਖਵਾਰਾਜਮੀ ਨੇ ਬੁੱਧਵਾਰ ਨੂੰ ਦੱਸਿਆ ਕਿ ਤਾਲਿਬਾਨ ਦੀ ਸਪੈਸ਼ਲ ਫੋਰਸ ਨੇ ਪਾਕਿਸਤਾਨੀ ਫ਼ੌਜ ਨੂੰ ਸਰਹੱਦ ‘ਤੇ ਤਾਰ ਲਗਾਉਣ ਤੋਂ ਰੋਕ ਦਿੱਤਾ ਹੈ। ਇਹ ਘਟਨਾ ਅਫ਼ਗਾਨਿਸਤਾਨ ਦੇ ਨਾਂਗਰਹਾਰ ਸੂਬੇ ਨਾਲ ਲੱਗਣ ਵਾਲੀ ਪਾਕਿਸਤਾਨੀ ਸਰਹੱਦ ਦੀ ਹੈ। ਇਹ ਤਾਰ ਸਰਹੱਦ ਪਾਰ ਤੋਂ ਨਾਜਾਇਜ਼ ਆਵਾਜਾਈ ਰੋਕਣ ਲਈ ਲਗਾਈ ਜਾ ਰਹੀ ਸੀ। ਤਾਲਿਬਾਨ ਨੇ ਸਪੈਸ਼ਲ ਫੋਰਸ ਦੇ ਇਸ ਕਦਮ ‘ਤੇ ਪਾਕਿਸਤਾਨ ਸਰਕਾਰ ਵੱਲੋਂ ਹੁਣ ਤਕ ਕੋਈ ਪ੍ਰਤੀਕਿਰਿਆ ਨਹੀਂ ਆਈ। ਜ਼ਿਕਰਯੋਗ ਹੈ ਕਿ ਕਾਬੁਲ ਦੇ ਵਿਰੋਧ ਦੀ ਅਣਦੇਖੀ ਕਰਦੇ ਹੋਏ ਪਾਕਿਸਤਾਨ ਅਫ਼ਗਾਨਿਸਤਾਨ ਨਾਲ ਲੱਗਣ ਵਾਲੀ 2600 ਕਿਲੋਮੀਟਰ ਲੰਬੀ ਸਰਹੱਦ ਦੇ 90 ਫ਼ੀਸਦੀ ਹਿੱਸੇ ‘ਚ ਤਾਰ ਲਗਾ ਚੁੱਕਾ ਹੈ। ਪਾਕਿਸਤਾਨ ਨੇ ਜਿਸ ਸਰਹੱਦ ‘ਤੇ ਤਾਰ ਲਗਾਈ ਹੈ, ਉਹ ਲਗਪਗ 100 ਸਾਲ ਪਹਿਲਾਂ ਬਿ੍ਟਿਸ਼ ਇੰਡੀਆ ਸਰਕਾਰ ਵੱਲੋਂ ਤੈਅ ਕੀਤੀ ਗਈ ਸਰਹੱਦ ਲਾਈਨ ਹੈ ਪਰ ਅਫ਼ਗਾਨਿਸਤਾਨ ਨੇ ਕਦੇ ਵੀ ਇਸ ਲਾਈਨ ਨੂੰ ਸਵੀਕਾਰ ਨਹੀਂ ਕੀਤਾ। ਇਸ ਸਰਹੱਦ ਲਾਈਨ ਨੂੂੰ ਡੂਰੰਡ ਲਾਈਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸੈਨੇਟ ‘ਚ ਰੱਬਾਨੀ ਨੇ ਕਿਹਾ, ਇਸ ਮਾਮਲੇ ‘ਚ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਸੰਸਦ ‘ਚ ਬਿਆਨ ਦੇਣ ਤੇ ਦੱਸਣ ਕਿ ਅਸਲ ‘ਚ ਕੀ ਹੋਇਆ। ਕੁਰੈਸ਼ੀ ਵਿਰੋਧੀ ਧਿਰ ਨੂੰ ਭਰੋਸੇ ‘ਚ ਲੈ ਕੇ ਇਸ ਮਾਮਲੇ ‘ਚ ਅੱਗੇ ਵਧਣ। ਉਨ੍ਹਾਂ ਕਿਹਾ ਕਿ ਜਦੋਂ ਅਫ਼ਗਾਨ ਸਾਡੀ ਸਰਹੱਦ ਨੂੰ ਹੀ ਮਾਨਤਾ ਨਹੀਂ ਦੇ ਰਹੇ ਤਾਂ ਅਸੀਂ ਉਨ੍ਹਾਂ ਦੀ ਮਦਦ ਲਈ ਕਿਉਂ ਅੱਗੇ ਵੱਧ ਰਹੇ ਹਾਂ। ਕਾਬਿਲੇਗੌਰ ਹੈ ਕਿ ਪਾਕਿਸਤਾਨ ਨੇ ਬੀਤੇ ਐਤਵਾਰ ਨੂੰ ਇਸਲਾਮਿਕ ਸਹਿਯੋਗ ਸੰਗਠਨ (ਓਆਈਸੀ) ਦੀ ਬੈਠਕ ਕਰ ਕੇ ਅਫ਼ਗਾਨਿਸਤਾਨ ਦੀ ਮਦਦ ਦੀ ਅਪੀਲ ਕੀਤੀ ਪਰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਜਿਸ ਤਰ੍ਹਾਂ ਨਾਲ ਅਫ਼ਗਾਨਿਸਤਾਨ ਤੋਂ ਪਾਕਿਸਤਾਨ ‘ਤੇ ਅੱਤਵਾਦੀ ਹਮਲੇ ਹੋਣ ਦਾ ਗੱਲ ਕਹੀ, ਉਸ ‘ਤੇ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਸਖ਼ਤ ਪ੍ਰਤੀਕਿਰਿਆ ਪ੍ਰਗਟ ਕੀਤੀ ਤੇ ਇਮਰਾਨ ‘ਤੇ ਗਲਤ ਬਿਆਨੀ ਦਾ ਦੋਸ਼ ਲਗਾਇਆ। ਕਰਜ਼ਈ ਤਾਲਿਬਾਨ ਦੇ ਕਰੀਬੀ ਰਾਜਨੀਤਿਕ ਨੇਤਾ ਮੰਨੇ ਜਾਂਦੇ ਹਨ।