ਜਕਾਰਤਾ – ਉਭਰਦੇ ਭਾਰਤੀ ਨਿਸ਼ਾਨੇਬਾਜ਼ ਵਰੁਣ ਤੋਮਰ ਨੇ ਸੋਮਵਾਰ ਨੂੰ ਇੱਥੇ ਏਸ਼ੀਆਈ ਓਲੰਪਿਕ ਕੁਆਲੀਫਾਇਰ ਦੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤ ਕੇ ਭਾਰਤ ਲਈ 14ਵਾਂ ਓਲੰਪਿਕ ਕੋਟਾ ਹਾਸਲ ਕੀਤਾ। ਭਾਰਤ ਨੇ ਇਸ ਮਹਾਂਦੀਪੀ ਮੁਕਾਬਲੇ ਦੇ ਪਹਿਲੇ ਦਿਨ ਟੀਮ ਸੋਨ ਤਮਗ਼ੇ ਸਮੇਤ ਕੁੱਲ ਤਿੰਨ ਤਗਮਿਆਂ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ।20 ਸਾਲਾ ਤੋਮਰ ਨੇ ਫਾਈਨਲ ਵਿਚ 239.6 ਦੇ ਸਕੋਰ ਨਾਲ ਸਿਖਰਲਾ ਸਥਾਨ ਹਾਸਲ ਕੀਤਾ ਜਦਕਿ ਉਸ ਦੇ ਹਮਵਤਨ ਅਰਜੁਨ ਚੀਮਾ ਨੇ 237.3 ਦੇ ਸਕੋਰ ਨਾਲ ਚਾਂਦੀ ਦਾ ਤਮਗ਼ਾ ਜਿੱਤਿਆ। ਮੰਗੋਲੀਆ ਦੇ ਦੇਵਾਖੁ ਐਂਖਤਾਈਵਾਨ (217.2) ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਇਸ ਤੋਂ ਪਹਿਲਾਂ ਤੋਮਰ (586), ਅਰਜੁਨ (579) ਅਤੇ ਉੱਜਵਲ ਮਲਿਕ (575) ਦੀ ਭਾਰਤੀ ਟੀਮ ਕੁੱਲ 1740 ਅੰਕਾਂ ਨਾਲ ਟੀਮ ਈਵੈਂਟ ਵਿੱਚ ਸਿਖਰ ’ਤੇ ਰਹੀ ਸੀ। ਈਰਾਨ ਅਤੇ ਕੋਰੀਆ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਮਗ਼ੇ ਜਿੱਤੇ।ਇਸ ਵੱਕਾਰੀ ਮਹਾਂਦੀਪੀ ਮੁਕਾਬਲੇ ਵਿੱਚ ਪੈਰਿਸ ਓਲੰਪਿਕ ਲਈ ਕੁੱਲ 16 ਕੋਟਾ ਸਥਾਨ ਦਾਅ ‘ਤੇ ਹਨ। ਪੁਰਸ਼ਾਂ ਅਤੇ ਔਰਤਾਂ ਲਈ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਚਾਰ ਕੋਟੇ ਹਨ, ਜਿਨ੍ਹਾਂ ਵਿੱਚੋਂ ਵੱਧ ਤੋਂ ਵੱਧ ਤਿੰਨ ਭਾਰਤੀ ਨਿਸ਼ਾਨੇਬਾਜ਼ ਜਿੱਤ ਸਕਦੇ ਹਨ। ਈਸ਼ਾ ਸਿੰਘ, ਰਿਦਮ ਸਾਂਗਵਾਨ ਅਤੇ ਸੁਰਭੀ ਰਾਓ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਹਿੱਸਾ ਲੈਣਗੀਆਂ ਜਿੱਥੇ ਭਾਰਤ ਨੇ ਪੈਰਿਸ ਖੇਡਾਂ ਲਈ ਅਜੇ ਕੋਟਾ ਹਾਸਲ ਕਰਨਾ ਹੈ।ਇਸ ਮੁਕਾਬਲੇ ਵਿੱਚ, 26 ਦੇਸ਼ਾਂ ਦੇ ਲਗਭਗ 385 ਨਿਸ਼ਾਨੇਬਾਜ਼ ਪੈਰਿਸ ਕੋਟਾ ਪ੍ਰਾਪਤ ਕਰਨ ਲਈ ਜਕਾਰਤਾ ਵਿੱਚ ਸੇਨਾਯਾਨ ਸ਼ੂਟਿੰਗ ਰੇਂਜ ਵਿੱਚ ਮੁਕਾਬਲਾ ਕਰਨਗੇ ਅਤੇ 256 ਤਗਮੇ (84 ਸੋਨੇ, 84 ਚਾਂਦੀ ਅਤੇ 88 ਕਾਂਸੀ ਦੇ ਤਗਮੇ) ਜਿੱਤਣਗੇ। ਭਾਰਤ ਇਸ ਮੁਕਾਬਲੇ ਤੋਂ ਪਹਿਲਾਂ ਹੀ ਰਾਈਫਲ, ਪਿਸਟਲ ਅਤੇ ਸ਼ਾਟਗਨ ਮੁਕਾਬਲਿਆਂ ਵਿੱਚ 13 ਓਲੰਪਿਕ ਕੋਟਾ ਸਥਾਨ ਹਾਸਲ ਕਰ ਚੁੱਕਾ ਹੈ।