ਗਾਜ਼ੀਆਬਾਦ – ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ’ਚ ਇਕ ਲੜਕੀ ਨਾਲ ਨਿਰਭੈਆ ਵਰਗੀ ਦਰਿੰਦਗੀ ਦੀ ਘਟਨਾ ਸਾਹਮਣੇ ਆਈ ਹੈ। ਗਾਜ਼ੀਆਬਾਦ ਦੇ ਨੰਦਗ੍ਰਾਮ ਇਲਾਕੇ ’ਚ ਪੰਜ ਲੋਕਾਂ ਨੇ ਪਹਿਲਾਂ ਦਿੱਲੀ ਦੀ ਰਹਿਣ ਵਾਲੀ ਲੜਕੀ ਨਾਲ ਸਮੂਹਿਕ ਜਬਰ-ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਫਿਰ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਦੋਸ਼ੀਆਂ ਨੇ ਲੜਕੀ ਨੂੰ ਬੋਰੀ ’ਚ ਪਾ ਕੇ ਸੜਕ ਕਿਨਾਰੇ ਇਹ ਸੋਚ ਕੇ ਸੁੱਟ ਦਿੱਤਾ ਕਿ ਉਹ ਮਰ ਜਾਵੇਗੀ।
ਗਾਜ਼ੀਆਬਾਦ ਸਿਟੀ ਐੱਸਪੀ ਨਿਪੁਨ ਅਗਰਵਾਲ ਨੇ ਦੱਸਿਆ ਕਿ ਪੀੜਤਾ ਨੰਦਗ੍ਰਾਮ ਵਿਚ ਆਪਣੇ ਭਰਾ ਦੇ ਘਰ ਆਈ ਹੋਈ ਸੀ। ਵਾਪਸ ਦਿੱਲੀ ਪਰਤਦੇ ਸਮੇਂ ਪੀੜਤਾ ਨੂੰ ਜਾਣਨ ਵਾਲੇ ਪੰਜ ਵਿਅਕਤੀਆਂ ਨੇ ਸਕਾਰਪੀਓ ਕਾਰ ’ਚ ਉਸ ਨੂੰ ਅਗਵਾ ਕਰ ਲਿਆ। ਇਸ ਤੋਂ ਬਾਅਦ ਪੰਜਾਂ ਵਿਅਕਤੀਆਂ ਨੇ ਨਾ ਸਿਰਫ਼ ਲੜਕੀ ਨਾਲ ਸਮੂਹਿਕ ਜਬਰ ਜਨਾਹ ਕੀਤਾ ਸਗੋਂ ਉਸ ਦੇ ਗੁਪਤ ਅੰਗ ’ਚ ਰਾਡ ਵੀ ਪਾ ਦਿੱਤੀ। ਇਸ ਤੋਂ ਬਾਅਦ ਪੰਜਾਂ ਮੁਲਜ਼ਮਾਂ ਨੇ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਮਰੀ ਹੋਈ ਸਮਝ ਕੇ ਬੋਰੀ ’ਚ ਪਾ ਕੇ ਸੁੱਟ ਦਿੱਤਾ। ਇਸ ਤੋਂ ਬਾਅਦ ਉਹ ਸੜਕ ਕਿਨਾਰੇ ਸੁੱਟ ਕੇ ਫਰਾਰ ਹੋ ਗਏ। ਪੀੜਤਾ ਨੂੰ ਗੰਭੀਰ ਹਾਲਤ ’ਚ ਦਿੱਲੀ ਦੇ ਜੀਟੀਬੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨਾਲ ਪੀੜਤ ਪਰਿਵਾਰ ਦੇ ਮੈਂਬਰਾਂ ਦਾ ਪੁਰਾਣਾ ਜਾਇਦਾਦ ਦਾ ਝਗੜਾ ਚੱਲ ਰਿਹਾ ਹੈ। ਪੀੜਤਾ ਦੇ ਭਰਾ ਦੀ ਸ਼ਿਕਾਇਤ ’ਤੇ ਗਾਜ਼ੀਆਬਾਦ ਪੁਲਿਸ ਨੇ ਪੰਜ ’ਚੋਂ 4 ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ, ਜਦੋਂਕਿ ਪੰਜਵੇਂ ਦੋਸ਼ੀ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਗਾਜ਼ੀਆਬਾਦ ਪੁਲਿਸ ਨੇ ਕਈ ਟੀਮਾਂ ਬਣਾਈਆਂ ਹਨ।
ਲੜਕੀ ਨਾਲ ਸਮੂਹਿਕ ਜਬਰ-ਜਨਾਹ ਦਾ ਮਾਮਲਾ ਗਾਜ਼ੀਆਬਾਦ ਦੇ ਨੰਦਗ੍ਰਾਮ ਥਾਣਾ ਖੇਤਰ ਦੇ ਆਸ਼ਰਮ ਰੋਡ ਦਾ ਹੈ। ਮਿ੍ਰਤਕਾ ਦੇ ਭਰਾ ਨੇ ਮੁਲਜ਼ਮਾਂ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਹੈ। ਪੁਲਿਸ ਹੁਣ ਤਕ 4 ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਚੁੱਕੀ ਹੈ। ਇਕ ਅਜੇ ਪੁਲਿਸ ਦੀ ਗਿ੍ਰਫ਼ਤ ਤੋਂ ਬਾਹਰ ਹੈ।
ਜਾਣਕਾਰੀ ਮੁਤਾਬਿਕ ਪੀੜਤਾ ਆਸ਼ਰਮ ਰੋਡ ਨੇੜੇ ਜ਼ਖ਼ਮੀ ਹਾਲਤ ’ਚ ਮਿਲੀ। ਫਿਲਹਾਲ ਉਹ ਹਸਪਤਾਲ ’ਚ ਭਰਤੀ ਹੈ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਪੂਰੇ ਮਾਮਲੇ ਵਿਚ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਗਾਜ਼ੀਆਬਾਦ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ। ਸਵਾਤੀ ਮਾਲੀਵਾਲ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਦਿੱਲੀ ਦੀ ਰਹਿਣ ਵਾਲੀ ਲੜਕੀ ਰਾਤ ਨੂੰ ਗਾਜ਼ੀਆਬਾਦ ਤੋਂ ਵਾਪਸ ਆ ਰਹੀ ਸੀ, ਜਦੋਂ ਉਸ ਨੂੰ ਕਾਰ ’ਚ ਸਵਾਰ 5 ਲੋਕ ਜ਼ਬਰਦਸਤੀ ਚੁੱਕ ਕੇ ਲੈ ਗਏ। ਦੋਸ਼ੀਆਂ ਨੇ ਦੋ ਦਿਨ ਤਕ ਲੜਕੀ ਨਾਲ ਜਬਰ-ਜਨਾਹ ਕੀਤਾ ਅਤੇ ਉਸ ਦੇ ਗੁਪਤ ਅੰਗ ’ਚ ਰਾਡ ਪਾਈ। ਇਸ ਮਾਮਲੇ ਸਬੰਧੀ ਗਾਜ਼ੀਆਬਾਦ ਦੇ ਐੱਸਐੱਸਪੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।