ਨਵੀਂ ਦਿੱਲੀ – ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦਿੱਲੀ ਵਿੱਚ ਇੱਕ ਕੋਚਿੰਗ ਸੈਂਟਰ ਦੀ ਇਮਾਰਤ ਦੇ ਬੇਸਮੈਂਟ ਵਿੱਚ ਪਾਣੀ ਭਰਨ ਕਾਰਨ ਸਿਵਲ ਸੇਵਾਵਾਂ ਦੇ ਤਿੰਨ ਉਮੀਦਵਾਰਾਂ ਦੀ ਹੋਈ ਮੌਤ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਵਿੱਚ 27 ਜੁਲਾਈ ਨੂੰ ਭਾਰੀ ਮੀਂਹ ਤੋਂ ਬਾਅਦ ਪੁਰਾਣੇ ਰਾਜੇਂਦਰ ਨਗਰ ਖੇਤਰ ਵਿੱਚ ਸਥਿਤ ‘ਰਾਓ ਆਈਏਐੱਸ ਸਟੱਡੀ ਸਰਕਲ’ ਦੀ ਇਮਾਰਤ ਦੇ ਬੇਸਮੈਂਟ ਵਿੱਚ ਪਾਣੀ ਭਰ ਜਾਣ ਕਾਰਨ ਤਿੰਨ ਸਿਵਲ ਸੇਵਾਵਾਂ ਦੇ ਉਮੀਦਵਾਰਾਂ – ਉੱਤਰ ਪ੍ਰਦੇਸ਼ ਦੀ ਸ਼੍ਰੇਆ ਯਾਦਵ (25) ਅਤੇ ਤੇਲੰਗਾਨਾ ਦੀ ਤਾਨਿਆ ਸੋਨੀ (25) ਅਤੇ ਕੇਰਲ ਦੇ ਨੇਵਿਨ ਡੇਲਵਿਨ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ।
ਸੀਬੀਆਈ ਨੇ ਦਿੱਲੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਤੋਂ ਆਪਣੇ ਹੱਥਾਂ ਵਿਚ ਲੈ ਲਈ। ਹਾਈਕੋਰਟ ਨੇ ਉਮੀਦਵਾਰਾਂ ਦੀ ਮੌਤ ਨੂੰ ਲੈ ਕੇ ਪੁਲਿਸ ਅਤੇ ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਅਧਿਕਾਰੀਆਂ ਨੂੰ ਸਖ਼ਤ ਫਟਕਾਰ ਲਗਾਈ ਸੀ ਅਤੇ ਕਿਹਾ ਸੀ ਕਿ ਇਹ ਸਮਝ ਨਹੀਂ ਆ ਰਿਹਾ ਕਿ ਉਮੀਦਵਾਰ ’ਬੇਸਮੈਂਟ’ ਤੋਂ ਬਾਹਰ ਕਿਵੇਂ ਨਹੀਂ ਆ ਸਕਦੇ ਹਨ। ਅਦਾਲਤ ਨੇ ਇਹ ਵੀ ਜਾਣਨਾ ਚਾਹਿਆ ਕਿ ‘ਬੇਸਮੈਂਟ’ ਦੇ ਦਰਵਾਜ਼ੇ ਬੰਦ ਸਨ ਜਾਂ ਪੌੜੀਆਂ ਤੰਗ ਸਨ।
ਹਾਈ ਕੋਰਟ ਨੇ ਪੁੱਛਿਆ ਸੀ, ’’ਤੁਸੀਂ ਕਿਸ ਐਂਗਲ ਤੋਂ ਜਾਂਚ ਕਰ ਰਹੇ ਹੋ? ਉਮੀਦਵਾਰ ਕਿਵੇਂ ਡੁੱਬਿਆ? ਉਹ ’ਬੇਸਮੈਂਟ’ ਤੋਂ ਬਾਹਰ ਕਿਉਂ ਨਹੀਂ ਆ ਸਕੇ? ‘ਬੇਸਮੈਂਟ’ ਵਿਚ ਅਚਾਨਕ ਇੰਨਾ ਪਾਣੀ ਨਹੀਂ ਭਰਦਾ। ਇਸ ਵਿੱਚ ਪਾਣੀ ਭਰਨ ਲਈ ਘੱਟੋ-ਘੱਟ ਦੋ-ਤਿੰਨ ਮਿੰਟ ਲੱਗਦੇ ਹਨ, ਇਹ ਇੱਕ ਮਿੰਟ ਵਿੱਚ ਨਹੀਂ ਹੋ ਸਕਦਾ।