ਦੀਨਾਨਗਰ ਪੁਲਿਸ ਨੇ RDX ਧਮਾਕੇ ਦੀ ਵਾਰਦਾਤ ਕੀਤੀ ਨਾਕਾਮ

ਦੀਨਾਨਗਰ – ਦੀਨਾਨਗਰ ਪੁਲਿਸ ਨੇ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬਿਆਂ ‘ਤੇ ਪਾਣੀ ਫੇਰਦਿਆਂ ਆਰਡੀਐਕਸ ਧਮਾਕੇ ਦੀ ਇਕ ਵੱਡੀ ਵਾਰਦਾਤ ਨੂੰ ਨਾਕਾਮ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਸੂਚਨਾ ਦੇ ਆਧਾਰ ਤੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਨਿਸ਼ਾਨਦੇਹੀ ਤੇ 900 ਗ੍ਰਾਮ ਆਰਡੀਐਕਸ, 3 ਡੈਟੋਨੇਟਰ, 8 ਮੀਟਰ ਤਾਰ, ਇਕ ਪਿਸਟਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਦੀਨਾਨਗਰ ਪੁਲਿਸ ਨੇ ਬੀਤੀ 28 ਨਵੰਬਰ ਨੂੰ ਐਸਐਚਓ ਮਨਦੀਪ ਸਿੰਘ ਸਲਗੋਤਰਾ ਦੀ ਅਗਵਾਈ ਹੇਠ ਝੰਡੇਚੱਕ ਬਾਈਪਾਸ ਤੇ ਲਗਾਏ ਗਏ ਨਾਕੇ ਦੌਰਾਨ ਸੂਚਨਾ ਦੇ ਆਧਾਰ ਸੁਖਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਸੰਤਾ ਸਿੰਘ, ਵਾਸੀ ਕੱਕੜ, ਥਾਣਾ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਗੁਰਦਾਸਪੁਰ ਵੱਲੋਂ ਦੀਨਾਨਗਰ ਨੂੰ ਆ ਰਿਹਾ ਸੀ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਨੌਜਵਾਨ ਦੇ ਦੇਸ਼ ਵਿਰੋਧੀ ਤਾਕਤਾਂ ਨਾਲ ਸਬੰਧ ਹਨ ਅਤੇ ਸੁਖਵਿੰਦਰ ਸਿੰਘ ਸੋਨੂੰ ਨੇ ਸਰਹੱਦ ਪਾਰੋਂ ਪਾਕਿਸਤਾਨ ਚੋਂ ਗੋਲਾ ਬਾਰੂਦ ਅਤੇ ਹਥਿਆਰ ਮੰਗਵਾਏ ਹੋਏ ਹਨ ਅਤੇ ਉਹ ਇਸ ਵੇਲੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਢਾਹ ਲਾਉਣ ਦੀ ਯੋਜਨਾ ਬਣਾ ਰਿਹਾ ਹੈ।ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਦੀਨਾਨਗਰ ਪੁਲਿਸ ਨੇ ਵਿਸਫੋਟਕ ਪਦਾਰਥ ਐਕਟ 1908 ਦੀ ਧਾਰਾ 3,4,5 ਆਰਮਜ਼ ਐਕਟ 25, 54, 59 ਅਤੇ ਆਈਪੀਸੀ ਦੀਆਂ ਧਾਰਾਵਾਂ 120 ਤੇ 120 ਬੀ ਤਹਿਤ ਮੁਕੱਦਮਾ ਦਰਜ ਕਰ ਕੇ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਤਾਂ ਦੋਸ਼ੀ ਸੁਖਵਿੰਦਰ ਸਿੰਘ ਉਰਫ ਸੋਨੂੰ ਦੀ ਨਿਸ਼ਾਨਦੇਹੀ ਤੇ 900 ਗ੍ਰਾਮ ਆਰਡੀਐਕਸ, ਧਮਾਕਾ ਕਰਨ ਲਈ ਵਰਤੇ ਜਾਣ ਵਾਲੇ 3 ਡੈਟੋਨੇਟਰ ਤੇ 8 ਮੀਟਰ ਤਾਰ, ਇਕ ਪਿਸਟਲ ਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਬਰਾਮਦਗੀ ਦੀਨਾਨਗਰ ਪੁਲਿਸ ਨੇ ਦੋਸ਼ੀ ਸੁਖਵਿੰਦਰ ਸਿੰਘ ਉਰਫ ਸੋਨੂੰ ਦੀ ਨਿਸ਼ਾਨਦੇਹੀ ਤੇ ਪਿੰਡ ਦਬੁਰਜੀ ਸ਼ਾਮ ਸਿੰਘ ਅਤੇ ਗਵਾਲੀਆ ਨੇੜਿਓਂ ਨਿਕਾਸੀ ਨਾਲੇ ਕੰਢਿਓਂ ਕੀਤੀ ਹੈ। ਜਿੱਥੇ ਦੋਸ਼ੀ ਨੇ ਉਕਤ ਗੋਲਾ ਬਰੂਦ ਅਤੇ ਅਸਲਾ ਝਾੜੀਆਂ ਵਿੱਚ ਲੁਕਾ ਕੇ ਰੱਖਿਆ ਹੋਇਆ ਸੀ। ਦੂਸਰੇ ਪਾਸੇ ਪੁਲੀਸ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਸੁਖਵਿੰਦਰ ਸਿੰਘ ਉਰਫ ਸੋਨੂੰ ਦੀ ਪਾਕਿਸਤਾਨ ਅਤੇ ਦੁਬਈ ਰਹਿੰਦੇ ਭਾਰਤ ਵਿਰੋਧੀ ਅਨਸਰਾਂ ਨਾਲ ਸੰਬੰਧ ਹਨ। ਹੁਣ ਪੁਲਸ ਵੱਲੋਂ ਸੁਖਵਿੰਦਰ ਸਿੰਘ ਉਰਫ ਸੋਨੂੰ ਕੋਲੋਂ ਹੋਰ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਖੁਲਾਸੇ ਹੋ ਸਕਣ।

Related posts

ਨਵਜੋਤ ਕੌਰ ਨੇ ‘ਸੁੱਘੜ ਸੁਨੱਖੀ ਮੁਟਿਆਰ’, ਵਿਸ਼ਵਪ੍ਰੀਤ ਕੌਰ ਨੇ ‘ਰੂਪ ਦੀ ਰਾਣੀ’ ਤੇ ਅਰਪਨਜੋਤ ਕੌਰ ਨੇ ‘ਗੁਣਵੰਤੀ ਮੁਟਿਆਰ’ ਖਿਤਾਬ ਜਿੱਤਿਆ

ਖ਼ਾਲਸਾ ਹਾਕੀ ਅਕੈਡਮੀ ਨੇ ‘ਤੀਜੇ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ’ ’ਚ ਚਾਂਦੀ ਦਾ ਤਗਮਾ ਜਿੱਤਿਆ

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਲੋਕਾਂ ਲਈ 29 ਤੱਕ ਖੁੱਲ੍ਹਾ ਰਹੇਗਾ