ਦਾਵੋਸ – ਵਿਸ਼ਵ ਆਰਥਿਕ ਫ਼ੋਰਮ ਦੀ ਸਾਲਾਨਾ ਬੈਠਕ 15 ਜਨਵਰੀ ਤੋਂ ਸਵਿਟਜ਼ਰਲੈਂਡ ਦੇ ਦਾਵੋਸ ’ਚ ਸ਼ੁਰੂ ਹੋ ਗਈ ਹੈ। ਇਸ ਬੈਠਕ ’ਚ ਆਕਸਫ਼ੈਮ ਨੇ ਆਪਣੀ ਰਿਪੋਰਟ ਜਾਰੀ ਕਰ ਦਿੱਤੀ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੋਵਿਡ ਤੋਂ ਬਾਅਦ ਦੁਨੀਆਂ ਦੇ 5 ਅਰਬਪਤੀਆਂ ਦੀ ਸੰਪਤੀ ਵਿੱਚ 2020 ਦੇ ਮੁਕਾਬਲੇ 3.3 ਟ੍ਰਿਲੀਅਨ ਡਾਲਰ ਦਾ ਵਾਧਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਅਰਬਪਤੀਆਂ ਦੀ ਇਸ ਸੂਚੀ ਵਿੱਚ ਐਲੋਨ ਮਸਕ, ਬਰਨਾਰਡ ਅਰਨੌਲਟ, ਜੈਫ਼ ਬੇਜੋਸ, ਲੈਰੀ ਐਲੀਸਨ ਅਤੇ ਮਾਰਕ ਜ਼ੁਕਰਬਰਗ ਸ਼ਾਮਲ ਹਨ। ਇਹ ਅਰਬਪਤੀ 2020 ਦੇ ਮੁਕਾਬਲੇ ਅੱਜ 3.3 ਟ੍ਰਿਲੀਅਨ ਡਾਲਰ ਜ਼ਿਆਦਾ ਅਮੀਰ ਹਨ। ਇਨ੍ਹਾਂ ਦੀ ਪ੍ਰਤੀ ਘੰਟੇ ਦੀ ਕਮਾਈ 1.4 ਕਰੋੜ ਅਮਰੀਕੀ ਡਾਲਰ ਯਾਨੀ 116 ਕਰੋੜ ਰੁਪਏ ਤੋਂ ਜ਼ਿਆਦਾ ਹੈ।
ਰਿਪੋਰਟ ਮੁਤਾਬਕ ਜੇਕਰ ਦੁਨੀਆਂ ਦੇ ਅਮੀਰਾਂ ਦੀ ਦੌਲਤ ਇਸੇ ਰਫ਼ਤਾਰ ਨਾਲ ਵਧਦੀ ਰਹੀ ਤਾਂ ਅਗਲੇ 10 ਸਾਲਾਂ ’ਚ ਦੁਨੀਆਂ ਨੂੰ ਆਪਣਾ ਪਹਿਲਾ ਖਰਬਪਤੀ ਮਿਲ ਜਾਵੇਗਾ। ਰਿਪੋਰਟ ਮੁਤਾਬਕ ਅਮੀਰਾਂ ਨੂੰ ਟੈਕਸ ਛੋਟ ਮਿਲ ਰਹੀ ਹੈ ਅਤੇ ਉਨ੍ਹਾਂ ਦੀ ਦੌਲਤ ਤੇਜ਼ੀ ਨਾਲ ਵੱਧ ਰਹੀ ਹੈ। ਅਜਿਹੇ ’ਚ ਸਵਾਲ ਇਹ ਉੱਠਦਾ ਹੈ ਕਿ ਮਸਕ, ਵਾਰੇਨ ਬਫ਼ੇਟ, ਬਰਨਾਲਟ ਅਰਨਵ ਅਤੇ ਜੈਫ਼ ਬੇਜੋਸ ’ਚੋਂ ਕੌਣ ਭਵਿੱਖ ’ਚ ਖਰਬਪਤੀ ਬਣ ਕੇ ਉਭਰੇਗਾ।ਬਲੂਮਬਰਗ ਵਲੋਂ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ’ਚ ਅਰਬਪਤੀਆਂ ਦੀ ਰੈਂਕਿੰਗ ’ਚ ਐਲੋਨ ਮਸਕ ਪਹਿਲੇ ਨੰਬਰ ’ਤੇ ਹਨ। ਮਸਕ ਤਕਰੀਬਨ 206 ਬਿਲੀਅਨ ਡਾਲਰ ਯਾਨੀ ਤਕਰੀਬਨ 1,709,800 ਕਰੋੜ ਰੁਪਏ ਦੀ ਜਾਇਦਾਦ ਨਾਲ ਪਹਿਲੇ ਨੰਬਰ ’ਤੇ ਹਨ। ਅਮੇਜ਼ਨ ਦੇ ਸੰਸਥਾਪਕ ਜੈਫ਼ ਬੇਜੋਸ ਦੂਜੇ ਸਥਾਨ ’ਤੇ ਹਨ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ 179 ਅਰਬ ਡਾਲਰ ਹੈ। ਇਸ ਤੋਂ ਬਾਅਦ ਬਰਨਾਲਟ ਅਰਨੌਲਟ ਅਤੇ ਮਾਰਕ ਜ਼ੁਕਰਬਰਗ ਦਾ ਨਾਂ ਆਉਂਦਾ ਹੈ।