ਚੰਡੀਗੜ੍ਹ – ਪੰਜਾਬ ਵਿੱਚ ਲਏ ਗਏ ਦੁੱਧ ਦੇ ਹਰ ਤਿੰਨ ਸੈਂਪਲਾਂ ਵਿੱਚੋਂ ਇੱਕ ਸੈਂਪਲ ਕੁਆਲਿਟੀ ਟੈਸਟ ਵਿੱਚ ਫੇਲ੍ਹ ਹੋ ਗਿਆ ਹੈ। ਇਹ ਨਤੀਜੇ ਪੰਜਾਬ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (FDA) ਵੱਲੋਂ ਸਾਂਝੇ ਕੀਤੇ ਗਏ ਹਨ। ਦੁੱਧ ਸੈਂਪਲਿੰਗ ਮੁਹਿੰਮ ਦੇ ਨਤੀਜੇ ਸਾਂਝੇ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਹਾਲ ਹੀ ਵਿੱਚ ਲਏ ਗਏ ਦੁੱਧ ਦੇ 204 ਸੈਂਪਲਾਂ ਵਿੱਚੋਂ 68 ਸੈਂਪਲ ਟੈਸਟਾਂ ਵਿੱਚ ਫੇਲ੍ਹ ਹੋ ਗਏ ਹਨ। ਦੁੱਧ ਦਾ ਇੱਕ ਸੈਂਪਲ ਪੀਣ ਲਈ ਅਸੁਰੱਖਿਅਤ ਪਾਇਆ ਗਿਆ। ਸਿਹਤ ਮੰਤਰੀ ਨੇ ਐੱਫ ਡੀ ਏ ਪੰਜਾਬ ਦੀ ਕਮਿਸ਼ਨਰ ਕੰਵਲਪ੍ਰੀਤ ਬਰਾੜ ਦੀ ਦੇਖ-ਰੇਖ ਹੇਠ, ਦੁੱਧ ਦੀ ਸਪਲਾਈ ਚੇਨ ਨਾਲ ਜੁੜੀਆਂ ਵੱਖ-ਵੱਖ ਥਾਵਾਂ ‘ਤੇ ਦੋ ਦਿਨਾਂ ਲਈ ਪੂਰੇ ਸੂਬੇ ਵਿੱਚ ਪਨੀਰ ਦੇ ਸੈਂਪਲ ਭਰਨ ਦੀ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ।
ਡਾ. ਬਲਬੀਰ ਨੇ ਜਾਣਕਾਰੀ ਦਿੱਤੀ ਕਿ ਪੂਰੇ ਸੂਬੇ ਵਿੱਚ ਸਥਾਨਕ ਡੇਅਰੀਆਂ ਦੀ ਚੈਕਿੰਗ ਕੀਤੀ ਗਈ ਜਿਸ ਤਹਿਤ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਡੇਅਰੀਆਂ, ਪ੍ਰੋਸੈਸਿੰਗ ਯੂਨਿਟਾਂ ਅਤੇ ਰਿਟੇਲ ਆਊਟਲੈਟਾਂ ਤੋਂ ਪਨੀਰ ਦੇ 211 ਸੈਂਪਲ ਇਕੱਠੇ ਕੀਤੇ ਗਏ। ਇਕੱਠੇ ਕੀਤੇ ਗਏ ਸੈਂਪਲਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਿਲਾਵਟ, ਪ੍ਦੂਸ਼ਿਤ ਤੱਤਾਂ ਦਾ ਪਤਾ ਲਗਾਉਣ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਦੀ ਜਾਂਚ ਲਈ ਮਾਨਤਾ ਪ੍ਰਾਪਤ ਸਟੇਟ ਫੂਡ ਲੈਬਾਰਟਰੀ ਵਿੱਚ ਵਿਸ਼ਲੇਸ਼ਣ ਲਈ ਭੇਜਿਆ ਗਿਆ ਹੈ।”
ਸਿਹਤ ਮੰਤਰੀ ਨੇ ਸਖ਼ਤ ਚਿਤਾਵਨੀ ਜਾਰੀ ਕਰਦਿਆਂ ਕਿਹਾ, “ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਫੂਡ ਬਿਜ਼ਨਸ ਆਪਰੇਟਰ (FBO) ਖ਼ਿਲਾਫ਼ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਪ੍ਰਬੰਧਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।” ਡਾ. ਬਲਬੀਰ ਨੇ ਲੋਕਾਂ ਨੂੰ ਵੀ ਸੁਚੇਤ ਰਹਿਣ ਅਤੇ ਭੋਜਨ ਵਿੱਚ ਮਿਲਾਵਟਖੋਰੀ ਦੇ ਕਿਸੇ ਵੀ ਸ਼ੱਕੀ ਮਾਮਲੇ ਦੀ ਰਿਪੋਰਟ ਸਬੰਧਤ ਅਧਿਕਾਰੀਆਂ ਨੂੰ ਕਰਕੇ ਇਸ ਮਿਸ਼ਨ ਵਿੱਚ ਭਾਈਵਾਲ ਵਜੋਂ ਕੰਮ ਕਰਨ ਦੀ ਅਪੀਲ ਕੀਤੀ।