ਲੁਧਿਆਣਾ – ਲੁਧਿਆਣਾ ਦੇ ਦੋਰਾਹਾ ਨੇੜੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਗੋਲਾਬਾਰੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਗੈਂਗਸਟਰਾਂ ਨੇ ਲੁਧਿਆਣਾ ਦੇ ਇਕ ਵਪਾਰੀ ਤੋਂ ਫਿਰੌਤੀ ਦੀ ਮੰਗ ਕੀਤੀ ਸੀ ਤੇ ਡਰਾਉਣ ਲਈ ਉਸ ਦੇ ਪੈਰ ’ਚ ਗੋਲੀ ਵੀ ਮਾਰ ਦਿੱਤੀ ਸੀ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਹੁਣ ਤਕ 2 ਗੈਂਗਸਟਰਾਂ ਨੂੰ ਢੇਰ ਕਰ ਦਿੱਤਾ ਹੈ ਤੇ 5 ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਇਸ ਮੁਠਭੇੜ ’ਚ ਇਕ ਪੁਲਿਸ ਮੁਲਾਜ਼ਮ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮਾਰੇ ਗਏ ਗੈਂਗਸਟਰਾਂ ਦੀ ਪਛਾਣ ਸੰਜੀਵ ਕੁਮਾਰ ਉਰਫ਼ ਸੰਜੂ ਬ੍ਰਾਹਮਣ ਅਤੇ ਸ਼ੁਭਮ ਗੋਪੀ ਵਜੋਂ ਹੋਈ ਹੈ, ਜਦਕਿ ਇਨ੍ਹਾਂ ਦੇ 5 ਸਾਥੀਆਂ ਜਤਿਨ, ਪਰਮਜੀਤ, ਮਨਤੋਸ਼ ਕੁਮਾਰ, ਆਦਿਤਿਆ ਸ਼ਰਮਾ ਅਤੇ ਮਨਦੀਪ ਕੁਮਾਰ ਨੂੰ ਪੁਲਿਸ ਵੱਲੋਂ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਇਹ ਮਾਮਲਾ ਲੁਧਿਆਣਾ ਦੇ ਕੱਪੜਾ ਵਪਾਰੀ ਸੰਭਵ ਜੈਨ ਨਾਲ ਜੋੜਿਆ ਜਾ ਰਿਹਾ ਹੈ, ਜਿਸ ਨੂੰ 17 ਨਵੰਬਰ ਨੂੰ 7 ਗੈਂਗਸਟਰਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ।
ਜਦੋਂ ਪੁਲਿਸ ਨੂੰ ਇਸ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਗੈਂਗਸਟਰਾਂ ਦਾ ਪਿੱਛਾ ਕੀਤਾ ਸੀ, ਜਿਸ ’ਤੇ ਉਨ੍ਹਾਂ ਵੱਲੋਂ ਵਪਾਰੀ ਦੇ ਪੈਰ ’ਚ ਗੋਲੀ ਮਾਰ ਦਿੱਤੀ ਗਈ ਸੀ ਤੇ ਵਪਾਰੀ ਨੂੰ ਜ਼ਖ਼ਮੀ ਹਾਲਤ ’ਚ ਛੱਡ ਕੇ ਉੱਥੋਂ ਦੌੜ ਗਏ ਸਨ। ਪਰ ਅੱਜ ਪੁਲਿਸ ਨੂੰ ਗੈਂਗਸਟਰਾਂ ਦੇ ਠਿਕਾਣੇ ਦੀ ਸੂਚਨਾ ਮਿਲੀ ਸੀ ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ 2 ਗੈਂਗਸਟਰਾਂ ਨੂੰ ਢੇਰ ਕਰ ਕੇ ਬਾਕੀ ਦੇ 5 ਸਾਥੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ।