ਬਨੂੜ – ਬਨੂੜ-ਤੇਪਲਾ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਬੀਤੀ ਰਾਤ ਦੋ ਕਾਰਾਂ ਦੀ ਆਹਮੋ ਸਾਹਮਣੀ ਹੋਈ ਟੱਕਰ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਪਿਤਾ ਤੇ ਪੁੱਤਰੀ ਗੰਭੀਰ ਜ਼ਖਮੀ ਹੋ ਗਏ ਹਨ।ਜਾਣਕਾਰੀ ਮੁਤਾਬਕ ਬੀਤੀ ਰਾਤ ਸਵਿਫਟ ਕਾਰ ਵਿਚ ਦੋ ਨੌਜਵਾਨ ਸੰਭੂ ਤੋਂ ਬਨੂੜ ਵੱਲ ਨੂੰ ਆ ਰਹੇ ਸਨ। ਜਦੋਂ ਉਹ ਕਾਰ ਸਵਾਰ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਸਥਿਤ ਪਿੰਡ ਖੇੜੀ ਗੁਰਨਾ ਨਜ਼ਦੀਕ ਪਹੁੰਚੇ ਤਾਂ ਅਚਾਨਕ ਕਾਰ ਖ਼ਰਾਬ ਹੋ ਗਈ ਅਤੇ ਕਾਰ ਦੀ ਸਾਹਮਣੇ ਤੋਂ ਆ ਰਹੀ ਦੂਜੀ ਕਾਰ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਕਾਰਾਂ ਸਵਾਰ ਦੋ ਨੌਜਵਾਨ ਤੇ ਪਿਤਾ ਪੁੱਤਰੀ ਗੰਭੀਰ ਜ਼ਖ਼ਮੀ ਹੋ ਗਏ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ।ਕਾਰ ਸਵਾਰ ਦੋਵੇਂ ਨੌਜਵਾਨ ਕਾਰ ’ਚ ਬੁਰੀ ਤਰ੍ਹਾਂ ਫਸੇ ਹੋਏ ਸਨ ਤੇ ਰਾਤ ਦਾ ਸਮਾਂ ਹੋਣ ਕਾਰਨ ਰਾਹਗੀਰਾਂ ਨੇ ਬੜੀ ਮੁਸ਼ਕਲ ਨਾਲ ਦੋਨੋਂ ਨੌਜਵਾਨਾਂ ਨੂੰ ਬਾਹਰ ਕੱਢਿਆ। ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਹਾਦਸਾ ਵਾਪਰਨ ਉਪਰੰਤ ਸੜਕ ਤੇ ਦੋਵੇਂ ਪਾਸਿਓਂ ਆਵਾਜਾਈ ਠੱਪ ਹੋਣ ਕਾਰਨ ਵਾਹਨਾ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਦੋਵਾਂ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਪਿਤਾ ਤੇ ਧੀ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।ਇਸ ਮਾਮਲੇ ਬਾਰੇ ਜਦੋਂ ਜਾਂਚ ਅਧਿਕਾਰੀ ਏਐੱਸਆਈ ਬਲਬੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਸ਼ਾਂਤ ਕੁਮਾਰ (31) ਪੁੱਤਰ ਸ਼ਿਵ ਕੁਮਾਰ ਵਾਸੀ ਪਾਉਂਟਾ ਸਾਹਿਬ ਹਿਮਾਚਲ ਪ੍ਰਦੇਸ਼ ਤੇ ਦਵਿੰਦਰ ਕੁਮਾਰ (39) ਪੁੱਤਰ ਕਣਕ ਲਾਲ ਮੰਡਲ ਵਾਸੀ ਬਹਾਦਰਪੁਰ ਬਿਹਾਰ ਵਜੋਂ ਹੋਈ। ਜ਼ਖ਼ਮੀਆਂ ਦੀ ਪਛਾਣ ਸੁਭਾਸ਼ ਚੰਦਰ ਤੇ ਰੇਖਾ ਵਾਸੀ ਹਿਸਾਰ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦੀ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।