ਦੱਖਣੀ ਏਸ਼ੀਆ ’ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬੰਗਲਾਦੇਸ਼

ਨਵੀਂ ਦਿੱਲੀ – ਵਣਜ ਤੇ ਸਨਅਤੀ ਮੰਤਰੀ ਪੀਯੂਸ਼ ਗੋਇਲ ਨੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਪਾਰ, ਸੰਪਰਕ, ਸਿਹਤ ਮੰਤਰੀ ਤੇ ਸੈਰ-ਸਪਾਟਾ ਸਮੇਤ ਪੰਜ ਖੇਤਰਾਂ ’ਤੇ ਖ਼ਾਸ ਧਿਆਨ ਦੇਣ ਦਾ ਸੁਝਾਅ ਦਿੱਤਾ ਹੈ। ਐਤਵਾਰ ਨੂੰ ਬੰਗਲਾਦੇਸ਼ ਕੌਮਾਂਤਰੀ ਨਿਵੇਸ਼ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਗੋਇਲ ਨੇ ਕਿਹਾ ਕਿ ਬੰਗਲਾਦੇਸ਼ ਦੱਖਣੀ ਏਸ਼ੀਆ ’ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਤੇ ਇਸ ਸਮੇਂ ਇਹ ਵਪਾਰ 10 ਅਰਬ ਡਾਲਰ ਤੋਂ ਵੀ ਜ਼ਿਆਦਾ ਹੋ ਗਿਆ ਹੈ। ਦੋਵੇਂ ਗੁਆਂਢੀ ਦੇਸ਼ ਵੱਡੇ ਆਰਥਿਕ ਹਿੱਸੇਦਾਰੀ ਸਮਝੌਤੇ (ਸੀਈਪੀਏ) ਨੂੰ ਅੱਗੇ ਵਧਾਉਣ ਦੀ ਦਿਸ਼ਾ ’ਚ ਵੀ ਸਰਗਰਮ ਹਨ।ਗੋਇਲ ਨੇ ਕਿਹਾ, ‘ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ’ਚ ਮਜ਼ਬੂਤੀ ਲਿਆਉਣ ਲਈ ਪੰਜ ਖੇਤਰਾਂ ਵਪਾਰ, ਤਕਨੀਕ, ਸੰਪਰਕ, ਉੱਦਮਤਾ ਤੇ ਸਿਹਤ ਅਤੇ ਸੈਰ-ਸਪਾਟਾ ’ਤੇ ਖ਼ਾਸ ਧਿਆਨ ਦੇਣ ਦਾ ਸੁਝਾਅ ਦਿੰਦਾ ਹਾਂ।’ ਇਸ ਮੌਕੇ ਵਣਜ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਸੰਪਰਕ ਵਿਸਤਾਰ ਦੀਆਂ ਕੋਸ਼ਿਸ਼ਾਂ ਦੁਵੱਲੇ ਵਪਾਰ ਨੂੰ ਵਧਾਉਣ ਲਈ ਬੇਹੱਦ ਜ਼ਰੂਰੀ ਹੈ। ਇਸ ਤੋਂ ਇਲਾਵਾ ਬੰਗਲਾਦੇਸ਼ ਤੇ ਪੂਰਬੀ ਭਾਰਤ ਵਿਚਾਲੇ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਜ਼ਮੀਨ ’ਤੇ ਉਤਾਰਨ ਲਈ ਵੀ ਸੰਪਰਕ ਵਧਾਉਣਾ ਜ਼ਰੂਰੀ ਹੈ।ਪੇਟ੍ਰਾਪੋਲ ਸਰਹੱਦ ਜ਼ਰੀਏ ਮਾਲ ਦੀ ਦਰਾਮਦ ਤੇ ਬਰਾਮਦ ’ਚ ਦੇਰੀ ਨੂੰ ਖ਼ਤਮ ਕਰਨ ਲਈ ਭਾਰਤ ਨੂੁੰ ਬੰਗਲਾਦੇਸ਼ ਵੱਲੋਂ ਮਨਜ਼ੂਰੀ ਦੀ ਉਡੀਕ ਹੈ। ਇਸ ਨਾਲ ਗੁਆਂਢੀ ਦੇਸ਼ ਨਾਲ 24 ਘੰਟੇ ਆਸਾਨੀ ਨਾਲ ਵਪਾਰ ਕੀਤਾ ਜਾ ਸਕੇਗਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸਨਅਤੀ ਸੰਗਠਨਾਂ ਦਾ ਕਹਿਣਾ ਹੈ ਕਿ ਬੰਗਲਾਗੇਸ਼-ਭਾਰਤ ਸਰਹੱਦ ’ਤੇ ਟਰੱਕਾਂ ਦੇ ਰੁਕਣ ਦੀ ਮਿਆਦ 40 ਦਿਨਾਂ ਤੋਂ ਵਧਾ ਕੇ 55 ਦਿਨ ’ਤੇ ਪਹੁੰਚ ਗਈ ਹੈ।ਸਨਅਤੀ ਸੰਗਠਨ ਫਿੱਕੀ ਨੇ ਕੇਂਦਰੀ ਵਣਜ ਸਕੱਤਰ ਬੀਵੀਆਰ ਸੁਬਰਾਮਣੀਅਮ ਦੇ ਸਾਹਮਣੇ ਵੀ ਟਰੱਕਾਂ ਦੇ ਲੰਬੇ ਸਮੇਂ ਤਕ ਰੁਕਣ ਦੇ ਮੁੱਦੇ ਨੂੰ ਉਠਾਇਆ ਹੈ। ਭਾਰਤ ਸਰਕਾਰ ਨੇ 25 ਅਕਤੂਬਰ ਨੂੰ ਇਕ ਆਦੇਸ਼ ’ਚ ਕਿਹਾ ਸੀ ਕਿ ਤਜਰਬੇ ਦੇ ਆਧਾਰ ’ਤੇ ਪੇਟ੍ਰਾਪੋਲ-ਬੇਨਾਪੋਲ ਸਰਹੱਦ ਤਿੰਨ ਮਹੀਨੇ ਤਕ 24 ਘੰਟੇ ਖੁੱਲ੍ਹੀ ਰਹੇਗੀ। ਪੇਟ੍ਰਾਪੋਲ ਜ਼ਮੀਨੀ ਬੰਦਰਗਾਹ ਦੇ ਪ੍ਰਬੰਧਕ ਮਕਲੇਸ਼ ਸੈਣੀ ਨੇ ਦੱਸਿਆ ਕਿ ਅਸੀਂ ਇਸ ਨਾਲ ਜੁੜੇ ਸਾਰੇ ਹਿੱਤਧਾਰਕਾਂ ਤੇ ਬੰਗਲਾਦੇਸ਼ ਸਰਕਾਰ ਨਾਲ ਬੈਠਕ ਕੀਤੀ ਸੀ। ਅਸੀਂ ਆਪਣੇ ਵੱਲੋਂ 24 ਘੰਟੇ ਸਰਹੱਦ ’ਤੇ ਸੰਚਾਲਨ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ ਤੇ ਗੁਆਂਢੀ ਦੇਸ਼ ਵੱਲੋਂ ਮਨਜ਼ੂਰੀ ਦੀ ਉਡੀਕ ਕਰ ਰਹੇ ਹਾਂ। ਕਾਬਿਲੇਗੌਰ ਹੈ ਕਿ ਭਾਰਤੀ ਬਰਾਮਦਕਾਰਾਂ ਨੇ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਬੰਗਲਾਦੇਸ਼ ’ਚ ਖੇਪ ਲਿਜਾਣ ਵਾਲੇ ਟਰੱਕਾਂ ਦੀ ਲੰਬੀ ਉਡੀਕ ਮਿਆਦ ’ਤੇ ਅਸੰਤੋਸ਼ ਪ੍ਰਗਟ ਕੀਤਾ।

Related posts

10 ਹਜ਼ਾਰ ਤੋਂ 4 ਲੱਖ : ਚਾਂਦੀ ਦੀਆਂ ਕੀਮਤਾਂ ਅਸਮਾਨ ਨੂੰ ਛੋਹਣ ਲੱਗੀਆਂ !

ਪ੍ਰਧਾਨ ਮੰਤਰੀ ਹਲਵਾਰਾ ਹਵਾਈ ਅੱਡੇ ਦਾ ਉਦਘਾਟਨ ਕਰਨਗੇ, ਭਾਜਪਾ ਮੰਤਰੀਆਂ ਦੀ ਪਹਿਲੀ ਉਡਾਣ ਦਿੱਲੀ ਤੋਂ ਲੈਂਡ ਕਰੇਗੀ

ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਬ੍ਰਿਟਿਸ਼ ਨਾਗਰਿਕ ਹੋਣ ਦਾ ਦੋਸ਼ ਵਾਲੀ ਪਟੀਸ਼ਨ ਖਾਰਜ