ਚੰਡੀਗੜ੍ਹ – ਪੰਜਾਬ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਨੂੰ ਲੈ ਕੇ ਹਾਲਾਂਕਿ ਹਾਈਕਮਾਨ ਅਜੇ ਕੋਈ ਫ਼ੈਸਲਾ ਨਹੀਂ ਸਕੀ, ਪਰ ਸਿੱਧੂ ਨੂੰ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦਾ ਸਾਥ ਮਿਲ ਰਿਹਾ ਹੈ। ਸਿੱਧੂ ਨੇ ਅੱਜ ਇਕ ਟਵੀਟ ਕਰ ਕੇ ਕਿਹਾ ਕਿ ਜੇਕਰ ਲਖੀਮਪੁਰ ਖੀਰੀ ਮਾਮਲੇ ’ਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਕਾਂਗਰਸ ਉੱਥੋਂ ਤਕ ਮਾਰਚ ਕਰੇਗ। ਇਸ ’ਤੇ ਰੀਟਵੀਟ ਕਰਦੇ ਹੋਏ ਹਰੀਸ਼ ਰਾਵਤ ਨੇ ਲਿਖਿਆ, ‘ਨਵਜੋਤ ਜੀ, ਇਹ ਬਹੁਤ ਵਧੀਆ ਫ਼ੈਸਲਾ ਹੈ। ਵਧਾਈ ਹੋਵੇ, ਇਹੀ ਉਹ ਕਾਂਗਰਸ ਹੈ, ਜਿਸ ਦੀ ਸਾਨੂੰ ਜ਼ਰੂਰਤ ਹੈ। ਮੈਂ ਵੀ ਲਖੀਮਪੁਰ ਖੀਰੀ ਅਤੇ ਸੀਤਾਪੁਰ ਦੇ ਤੁਹਾਡੇ ਜਨ ਅੰਦੋਲਨ ’ਚ ਤੁਹਾਡਾ ਸਾਥ ਦਿਆਂਗਾ।’
ਸਿੱਧੂ ਨੇ ਟਵੀਟ ਕਰ ਕੇ ਲਿਖਿਆ ਕਿ ਪ੍ਰਿਅੰਕਾ ਗਾਂਧੀ ਦੀ ਗ੍ਰਿਫ਼ਤਾਰੀ ਨਾਲ ਕਿਸਾਨਾਂ ਦੀ ਲੜਾਈ ਖ਼ਤਮ ਨਹੀਂ ਹੋਵੇਗੀ। ਜੇਕਰ ਘਟਨਾ ਲਈ ਜ਼ਿੰਮੇਵਾਰੀ ਕੇਂਦਰੀ ਮੰਤਰੀ ਦੇ ਪੁੱਤਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਕਾਂਗਰਸ ਲਖੀਮਪੁਰ ਖੀਰੀ ਵੱਲ ਮਾਰਚ ਕਰੇਗੀ। ਇਸ ਤੋਂ ਪਹਿਲਾਂ ਬੀਤੇ ਦਿਨ ਨਵਜੋਤ ਸਿੰਘ ਸਿੱਧੂ ਅਚਾਨਕ ਮਾਮਲੇ ’ਚ ਚੰਡੀਗੜ੍ਹ ’ਚ ਰਾਜਭਵਨ ਦੇ ਬਾਹਰ ਧਰਨੇ ’ਤੇ ਬੈਠ ਗਏ ਸਨ, ਜਿੱਥੋਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਹਾਲਾਂਕਿ ਸ਼ਾਮ ਨੂੰ ਸਿੱਧੂ ਨੂੰ ਰਿਹਾਅ ਕਰ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਦੇ ਟਵੀਟ ’ਤੇ ਹਰੀਸ਼ ਰਾਵਤ ਨੇ ਰੀਟਵੀਟ ਕਰਦੇ ਹੋਏ ਉਨ੍ਹਾਂ ਦਾ ਸਾਥ ਦੇਣ ਦੀ ਗੱਲ ਆਖੀ। ਹਰੀਸ਼ ਰਾਵਤ ਸ਼ੁਰੂ ਤੋਂ ਹੀ ਨਵਜੋਤ ਸਿੰਘ ਸਿੱਧੂ ਦੀ ਹਮਾਇਤ ’ਚ ਰਹੇ ਹਨ। ਪੰਜਾਬ ਕਾਂਗਰਸ ਇੰਚਾਰਜ ਦੀ ਕਮਾਨ ਸੰਭਾਲਣ ਤੋਂ ਬਾਅਦ ਹੀ ਰਾਵਤ ਉਨ੍ਹਾਂ ਨੂੰ ਪੰਜਾਬ ਦੇ ਭਵਿੱਖ ਦਾ ਨੇਤਾ ਕਹਿੰਦੇ ਰਹੇ ਹਨ। ਸਿੱਧੂ ਨੂੰ ਪ੍ਰਧਾਨ ਦੀ ਕੁਰਸੀ ਤਕ ਪਹੁੰਚਾਉਣ ’ਚ ਵੀ ਰਾਵਤ ਨੇ ਅਹਿਮ ਭੂਮਿਕਾ ਨਿਭਾਈ ਹੈ। ਸਿੱਧੂ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਗੱਲ ਨਾ ਸੁਣ ਕੇ ਹੰਕਾਰ ਵਿਖਾ ਰਹੀ ਹੈ। ਪ੍ਰਿਅੰਕਾ ਗਾਂਧੀ ਨੇ ਜਦੋਂ ਕਿਸਾਨਾਂ ’ਤੇ ਹੋ ਰਹੇ ਜ਼ੁਲਮ ਦਾ ਵਿਰੋਧ ਕੀਤਾ ਤਾਂ ਉਨ੍ਹਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਿਅੰਕਾ ਗਾਂਧੀ ਨਾਲ ਯੂਪੀ ਪੁਲਿਸ ਨੇ ਬਦਸਲੂਕੀ ਕੀਤੀ। ਸਿੱਧੂ ਨੇ ਕਿਹਾ ਕਿ ਇਸ ਨੂੰ ਸਹਿਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਤਕ ਨਾੜੀਆਂ ’ਚ ਖੂਨ ਵਗਦਾ ਰਹੇਗਾ ਉਦੋਂ ਤਕ ਸੰਘਰਸ਼ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਲਖੀਮਪੁਰ ਖੀਰੀ ਲਈ ਇੱਕੋਂ ਰਵਾਨਾ ਹੋਏ ਸਨ, ਪਰ ਪੁਲਿਸ ਨੇ ਸਹਾਰਨਪੁਰ ਕੋਲ ਉਨ੍ਹਾਂ ਨੂੰ ਰੋਕ ਦਿੱਤਾ। ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਉੱਥੋਂ ਦੇ ਪ੍ਰਸ਼ਾਸਨ ਤੋਂ ਆਉਣ ਦੀ ਆਗਿਆ ਨਹੀਂ ਮਿਲੀ। ਹੁਣ ਸਿੱਧੂ ਦਾ ਕਹਿਣਾ ਹੈ ਕਿ ਹੁਣ ਪੰਜਾਬ ਕਾਂਗਰਸ ਮਾਰਚ ਕਰੇਗੀ।