ਜਿੰਦਗੀ ਦੇ ਚਲਦਿਆਂ ਕਈ ਉੱਚੇ ਨੀਵੇਂ ਰਾਹ ਆਉਂਦੇ ਰਹਿੰਦੇ ਨੇ, ਜਿਹਨਾਂ ਵਿਚੋਂ ਠੇਡਾ ਖਾ ਮਨੁੱਖ ਡਿੱਗਦਾ ਵੀ ਫਿਰ ਉੱਠਦਾ, ਥੋੜਾ ਹੋਰ ਸਫ਼ਰ ਪੂਰਾ ਕਰਦਾ ਤੇ ਫਿਰ ਕੋਈ ਬਿਪਤਾ ਪੈ ਜਾਂਦੀ ਹੈ। ਹਰ ਇਨਸਾਨ ਆਪਣੇ ਜੀਵਨ ਵਿੱਚ ਉਲਝਿਆ ਪਿਆ ਹੈ। ਕਈ ਵਾਰ ਹਾਲਾਤ ਏਦਾਂ ਦੇ ਬਣ ਜਾਂਦੇ ਕਿ ਮਨੁੱਖ ਨੂੰ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ ਜੇ ਆਉਂਦੀ ਵੀ ਹੈ ਤਾਂ ਸੁੱਤਾ ਪਿਆ ਉੱਭੜਵਾਹੇ ਉੱਠ ਪੈਂਦਾ ਹੈ। ਚੁਣੌਤੀਆਂ, ਦੁੱਖਾਂ ਅਭੀਆਂ ਨਭੀਆਂ ਦੇਖਦਾ ਬੰਦਾ ਕਈ ਵਾਰ ਨਿਰਾਸ਼ਤਾ ਦੇ ਆਲਮ ਵਿੱਚ ਐਸਾ ਡੁੱਬਦਾ ਹੈ ਕਿ ਉਹ ਸਾਰੀ ਜਿੰਦਗੀ ਆਪਣੇ ਆਪ ਨੂੰ ਉਸ ਆਲਮ ਵਿਚੋਂ ਕੱਢ ਹੀ ਨਹੀਂ ਪਾਉਂਦਾ। ਪਰ ਮੈਨੂੰ ਲੱਗਦਾ ਹੈ ਕਿ ਕਿੰਨੀਆਂ ਵੀ ਵੱਡੀਆਂ ਚੁਣੌਤੀਆਂ, ਦੁੱਖ, ਬਿਖੜੇ ਰਾਹ ਮਨੁੱਖੀ ਜੀਵਨ ਵਿੱਚ ਕਿਉਂ ਨਾ ਆ ਜਾਵਣ, ਜਿੰਨੀ ਦੇਰ ਮਨੁੱਖ ਟੁੱਟਣ ਲਈ, ਹਾਰਨ ਲਈ, ਨਿਰਾਸ਼ਤਾ ਚ ਡੁੱਬਣ ਲਈ ਤਿਆਰ ਨਹੀਂ ਉਨੀ ਦੇਰ ਦੁਨੀਆਂ ਦੀ ਕੋਈ ਵੀ ਸ਼ਕਤੀ ਮਨੁੱਖ ਨੂੰ ਦੁੱਖੀ ਨਹੀਂ ਕਰ ਸਕਦੀ। ਅਸਲ ਵਿੱਚ ਕੁਦਰਤ ਨੇ ਹਰ ਮਨੁੱਖ ਅੰਦਰ ਇਹ ਸ਼ਕਤੀ ਪਾਈ ਹੈ, ਪਰ ਉਸਨੂੰ ਉਜਾਗਰ ਕਰਨਾ ਮਨੁੱਖ ਦਾ ਕਰਮ ਹੈ। ਮੈ ਆਪਣੇ ਪਿਤਾ ਜੀ ਦੇ ਚਿਹਰੇ ਉੱਪਰ ਹਮੇਸ਼ਾ ਮੁਸਕਰਾਹਟ ਵੇਖ ਉਹਨਾਂ ਨੂੰ ਪੁੱਛਦੀ ਹੁੰਦੀ ਹਾਂ ਕਿ ਇਸ ਦਾ ਕੀ ਰਾਜ ਹੈ ਤਾਂ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਸੰਤੁਸ਼ਟੀ, ਰੱਬ ਜਿਸ ਵੀ ਹਾਲਾਤ ਵਿੱਚ ਰੱਖੇ ਉਸ ਵਿੱਚ ਸੰਤੁਸ਼ਟ ਰਹੋ, ਕਦੇ ਦੁੱਖਾਂ ਨੂੰ ਵੇਖ ਘਬਰਾਓ ਨਹੀਂ, ਟਾਕਰਾ ਕਰੋ, ਲੜੋ।
ਨਵਾਂ ਦਿਨ ਨਵੀਂ ਸ਼ੁਰੂਆਤ
ਦੁੱਖ ਆਉਣੇ ਸੁਭਾਵਿਕ ਨੇ, ਪਰ ਯਾਦ ਰੱਖੋ ਕਿ ਦੁੱਖਾਂ ਨੂੰ ਆਪਣੇ ਆਪ ਉੱਪਰ ਕਦੇ ਹਾਵੀ ਨਾ ਹੋਣ ਦਿਓ, ਜੋ ਪਿੱਛੇ ਬੀਤ ਗਿਆ, ਉਸਨੂੰ ਅਸੀਂ ਕਦੇ ਬਦਲ ਨਹੀਂ ਸਕਦੇ ਪਰ ਹਾਂ ਆਪਣੇ ਕੱਲ ਨੂੰ ਬਦਲਣ ਲਈ ਇੱਕ ਨਵੀਂ ਸਵੇਰ ਜਰੂਰ ਹੈ ਸਾਡੇ ਕੋਲ। ਸੂਰਜ ਹਰ ਰੋਜ਼ ਆਪਣੇ ਪੂਰੇ ਸਮੇਂ ਤੇ ਆ ਜਾਂਦਾ ਹੈ, ਇਹ ਦੱਸਣ ਲਈ ਕਿ ਰਾਤ ਭਾਵੇਂ ਕਿੰਨੀ ਵੀ ਕਾਲੀ ਕਿਉਂ ਨਹੀਂ ਸੀ, ਪਰ ਮੇਰੀ ਰੌਸ਼ਨੀ ਨੂੰ ਹਮੇਸ਼ਾ ਲਈ ਮਿਟਾ ਨਹੀਂ ਸਕੀ । ਉੱਗਦਾ ਸੂਰਜ ਕਿੰਨੀਆਂ ਨਵੀਆਂ ਉਮੀਦਾਂ ਲੈ ਉਭਰਦਾ ਹੈ, ਸੁਨੇਹਾ ਦਿੰਦਾ ਹੈ ਹਰ ਰੋਜ਼ ਕਿ ਹਰ ਹਨੇਰੀ ਰਾਤ ਤੋਂ ਬਾਅਦ ਚਾਨਣ ਹੋਣਾ ਸੁਭਾਵਿਕ ਹੈ, ਉਹ ਰਾਤ ਭਾਵੇਂ ਦੁੱਖਾਂ ਜਾਂ ਤੁਰਸ਼ੀਆਂ ਦੇ ਘੁੱਪ ਹਨੇਰੇ ਨਾਲ ਕਿਉਂ ਨਾ ਭਰੀ ਹੋਵੇ। ਪਰ ਸੂਰਜ ਨੂੰ ਸਿਰਫ਼ ਉਡੀਕ ਹੁੰਦੀ ਹੈ, ਆਪਣੇ ਵਕਤ ਦੀ, ਜਦ ਉਸਦਾ ਵਕਤ ਆ ਜਾਂਦਾ ਹੈ ਤਾਂ ਹਨੇਰਾ ਭਾਵੇਂ ਕਿੰਨਾ ਵੀ ਗਹਿਰਾ ਹੋਵੇ, ਸੂਰਜ ਆਪਣੇ ਆਪ ਉਗਮ ਪੈਂਦਾ ਹੈ।
ਬਿਲਕੁਲ ਸੂਰਜ ਦੀ ਤਰ੍ਹਾਂ ਆਪਣੇ ਜੀਵਨ ਨੂੰ ਬਣਾਓ, ਜੋ ਦੁੱਖਾਂ, ਕਸ਼ਟਾਂ ਤੇ ਚੁਣੌਤੀਆਂ ਦੇ ਹਨੇਰੇ ਤੋਂ ਦੁੱਖੀ ਹੋ ਨਿਰਾਸ਼ਤਾ ਦੇ ਆਲਮ ਵਿੱਚ ਨਾ ਡੁੱਬੇ, ਬਲਕਿ ਸਬਰ ਕਰਦਿਆਂ ਹੌਸਲਾ ਰੱਖਦਿਆਂ ਵਕਤ ਆਉਣ ਤੇ ਚਾਰੇ ਪਾਸੇ ਸੁੱਖਾਂ, ਖੁਸ਼ੀਆਂ ਦਾ ਚਾਨਣ ਫੈਲਾਅ ਦੇਵੇ।
ਹਮੇਸ਼ਾ ਯਾਦ ਰੱਖੋ, ਜਿੰਨੀ ਦੇਰ ਤੱਕ ਸਵਾਸ ਪੂਰੇ ਨਹੀਂ ਹੁੰਦੇ ਹਰ ਨਵਾਂ ਦਿਨ, ਹਰ ਉੱਗਦਾ ਸੂਰਜ ਆਪਣੇ ਨਾਲ ਨਵੀਂ ਆਸ, ਨਵੀਂ ਸ਼ੁਰੂਆਤ, ਨਵੇਂ ਮੌਕੇ ਤੇ ਤਜੁਰਬੇ ਲੈਕੇ ਆਉਂਦਾ ਹੈ। ਬਸ ਜਰੂਰਤ ਹੁੰਦੀ ਹੈ ਤਾਂ ਕੇਵਲ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਹਿੰਮਤ ਰੱਖਣ ਦੀ ਅਤੇ ਸਕਾਰਾਤਮਕ ਨਜ਼ਰੀਆਂ ਰੱਖਣ ਦੀ ਕਿਉਂਕਿ ਹਰ ਨਵਾਂ ਦਿਨ ਇੱਕ ਨਵੀਂ ਸ਼ੁਰੂਆਤ ਦਾ ਸੁਨੇਹਾ ਦਿੰਦਾ ਹੈ।