ਨਸ਼ਿਆਂ ਵਿਰੁੱਧ ਜੰਗ: ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਭਾਰਤ ਵਿੱਚ ਨਸ਼ਾ ਤਸਕਰੀ ਦਾ ਨਵਾਂ ਰਾਹ ਬਣੀਆਂ

ਚੰਡੀਗੜ੍ਹ – ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਨੇ ਸੂਬੇ ਵਿੱਚ ਨਸ਼ਾ ਤਸਕਰਾਂ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰਨ ਦੇ ਸਿੱਟੇ ਵਜੋਂ ਇਹ ਸਾਹਮਣੇ ਆਇਆ ਹੈ ਕਿ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਸਮੁੰਦਰੀ ਬੰਦਰਗਾਹਾਂ ਭਾਰਤ ਵਿੱਚ ਨਸ਼ਾ ਤਸਕਰੀ ਦਾ ਨਵਾਂ ਰਸਤਾ ਬਣੀਆਂ ਹਨ। ਪਿਛਲੇ ਦੋ ਮਹੀਨਿਆਂ ਵਿੱਚ, ਪੰਜਾਬ ਪੁਲਿਸ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੇ ਸਮੁੰਦਰੀ ਬੰਦਰਗਾਹਾਂ ਰਾਹੀਂ ਲਿਆਂਦੀ 185.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਇਹ ਖੇਪਾਂ ਪੰਜਾਬ ਵਿੱਚ ਭੇਜੀਆਂ ਜਾਣੀਆਂ ਸਨ। ਇਹ ਜਾਣਕਾਰੀ ਅੱਜ ਇੱਥੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦਿੱਤੀ।
ਤਾਜ਼ਾ ਕਾਰਵਾਈ ਦੌਰਾਨ ਐਸਬੀਐਸ ਨਗਰ ਪੁਲਿਸ ਨੇ ਐਤਵਾਰ ਨੂੰ ਗੁਜਰਾਤ ਦੇ ਭੁਜ ਤੋਂ ਆ ਰਹੇ ਇੱਕ ਟਰੱਕ ‘ਚੋਂ 38 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ – ਜੋ ਕਿ ਨਿਸ਼ਚਿਤ ਤੌਰ ‘ਤੇ ਗੁਜਰਾਤ ਦੇ ਸਮੁੰਦਰੀ ਰਸਤੇ ਰਾਹੀਂ ਭਾਰਤ ਦੀਆਂ ਸਰਹੱਦਾਂ ਵਿੱਚ ਦਾਖਲ ਹੋਈ ਸੀ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਆਈਜੀਪੀ ਨੇ ਅੱਗੇ ਕਿਹਾ ਕਿ ਇਹ ਬਰਾਮਦਗੀ ਪਿਛਲੇ ਹਫ਼ਤੇ ਸੂਬੇ ਵਿੱਚ ਬਰਾਮਦ ਕੀਤੀ ਗਈ 13.51 ਕਿਲੋਗ੍ਰਾਮ ਹੈਰੋਇਨ ਤੋਂ ਇਲਾਵਾ ਹੈ, ਜਿਸ ਨਾਲ ਹੈਰੋਇਨ ਦੀ ਹਫ਼ਤਾਵਾਰੀ ਬਰਾਮਦਗੀ 51.51 ਕਿਲੋਗ੍ਰਾਮ ਹੋ ਗਈ ਹੈ।
ਇਸ ਤੋਂ ਪਹਿਲਾਂ 12 ਜੁਲਾਈ ਨੂੰ ਏਟੀਐਸ ਗੁਜਰਾਤ ਨਾਲ ਸਾਂਝੀ ਕਾਰਵਾਈ ਦੌਰਾਨ, ਪੰਜਾਬ ਪੁਲਿਸ ਨੇ ਗੁਜਰਾਤ ਦੇ ਮੁੰਦਰਾ ਬੰਦਰਗਾਹ ‘ਤੇ ਕੰਟੇਨਰ ‘ਚੋਂ 75 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ, ਜਦੋਂ ਕਿ ਮਹਾਰਾਸ਼ਟਰ ਪੁਲਿਸ ਨਾਲ ਇਸੇ ਤਰ੍ਹਾਂ ਦੀ ਕਾਰਵਾਈ ਦੌਰਾਨ 15 ਜੁਲਾਈ ਨੂੰ ਮੁੰਬਈ ਦੇ ਨਾਹਵਾ ਸ਼ੇਵਾ ਪੋਰਟ ‘ਤੇ ਕੰਟੇਨਰ ‘ਚੋਂ 72.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ।
ਨਸ਼ਿਆਂ ਦੀ ਬਰਾਮਦੀ ਸਬੰਧੀ ਆਪਣੀ ਹਫ਼ਤਾਵਾਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਆਈਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਪਿਛਲੇ ਹਫ਼ਤੇ ਦੌਰਾਨ ਸੂਬੇ ਭਰ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ ਤਹਿਤ 33 ਵਪਾਰਕ ਮਾਮਲਿਆਂ ਸਮੇਤ 283 ਐਫਆਈਆਰਜ਼ ਦਰਜ ਕਰਕੇ 370 ਨਸ਼ਾ ਤਸਕਰਾਂ/ਸਪਲਾਈਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪੁਲਿਸ ਨੂੰ ਨਸ਼ਿਆਂ ਵਿਰੁੱਧ ਜੰਗ ਛੇੜਨ ਲਈ ਪੂਰੀ ਖੁੱਲ੍ਹ ਦੇਣ ਦੇ ਨਾਲ ਹੀ ਸਰਹੱਦੀ ਸੂਬੇ ਪੰਜਾਬ ਤੋਂ ਨਸ਼ਿਆਂ ਦੀ ਅਲਾਮਤ ਨੂੰ ਨੱਥ ਪਾਉਣ ਲਈ ਵਿਆਪਕ ਨਸ਼ਾ ਵਿਰੋਧੀ ਮੁਹਿੰਮਾਂ ਚਲਾਈਆਂ ਗਈਆਂ ਹਨ।
ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਨੇ ਸੂਬੇ ਭਰ ਦੇ ਸੰਵੇਦਨਸ਼ੀਲ ਰਸਤਿਆਂ ‘ਤੇ ਨਾਕੇ ਲਗਾਉਣ ਦੇ ਨਾਲ-ਨਾਲ ਨਸ਼ਾ ਪ੍ਰਭਾਵਿਤ ਇਲਾਕਿਆਂ ‘ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 1.09 ਕਰੋੜ ਰੁਪਏ ਦੀ ਡਰੱਗ ਮਨੀ, 13 ਕਿਲੋ ਅਫੀਮ, 12 ਕਿਲੋ ਗਾਂਜਾ, 7 ਕੁਇੰਟਲ ਭੁੱਕੀ ਅਤੇ 1.36 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਸਮੇਤ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ।
ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ 5 ਜੁਲਾਈ, 2022 ਨੂੰ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਉਪਰੰਤ ਇਸ ਹਫ਼ਤੇ ਐੱਨਡੀਪੀਐੱਸ ਕੇਸਾਂ ਵਿੱਚ 17 ਹੋਰ ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 247 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਡੀਜੀਪੀ ਵੱਲੋਂ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਾਰੇ ਨਾਮੀ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਅਤੇ ਆਪਣੇ ਅਧਿਕਾਰ ਖੇਤਰਾਂ ਵਿੱਚ ਨਸ਼ਾ ਤਸਕਰੀ ਵਾਲੇ ਸੰਵੇਦਨਸ਼ੀਲ ਸਥਾਨਾਂ ਦੀ ਸ਼ਨਾਖਤ ਕਰਕੇ ਨਸ਼ਾ ਤਸਕਰਾਂ ‘ਤੇ ਨਕੇਲ ਕੱਸਣ ਅਤੇ ਨਸ਼ਾ ਵੇਚਣ/ਤਸਕਰੀ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਦੇ ਸਖ਼ਤ ਹੁਕਮ ਦਿੱਤੇ ਗਏ ਹਨ। ਉਹਨਾਂ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਹਨਾਂ ਤੋਂ ਨਜਾਇਜ਼ ਰਾਸ਼ੀ ਬਰਾਮਦ ਕੀਤੀ ਜਾ ਸਕੇ।

Related posts

ਬੇਕਾਬੂ ਯਾਤਰੀ ਨੇ ਜਹਾਜ਼ ਦੀ ਵਿੰਡੋਅ ਤੋੜ ਦਿੱਤੀ : ਏਅਰ ਇੰਡੀਆ ਦੀ ਚੰਡੀਗੜ੍ਹ-ਦਿੱਲੀ ਉਡਾਣ ‘ਚ ਹਫ਼ੜਾ-ਦਫ਼ੜੀ

ਤਰੁਣ ਚੁੱਘ ਸਮੇਤ ਭਾਜਪਾ ਦੇ ਮੱਧ ਪ੍ਰਦੇਸ਼ ਤੋਂ ਤਿੰਨੇ ਉਮੀਦਵਾਰ ਨਿਰ-ਵਿਰੋਧ ਜਿੱਤੇ

ਇਹ ਤਾਂ ‘ਟ੍ਰੇਲਰ’ ਹੈ : ਗਾਇਕ ਗੁਰੂ ਰੰਧਾਵਾ ਦੇ ਜਿੰਮ ‘ਤੇ ਗੋਲੀਆਂ ਦੀ ਬੁਛਾੜ