ਕਾਠਮੰਡੂ – ਨੇਪਾਲ ਦੇ ਅਛਮ ਜ਼ਿਲੇ ਦੇ ਵੱਖ-ਵੱਖ ਹਿੱਸਿਆਂ ’ਚ ਸ਼ਨੀਵਾਰ ਨੂੰ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 10 ਲਾਪਤਾ ਹੋ ਗਏ।ਉਪ ਮੁੱਖ ਜ਼ਿਲ੍ਹਾ ਅਧਿਕਾਰੀ ਦੀਪੇਸ਼ ਰਿਜ਼ਾਲ ਨੇ ਦੱਸਿਆ ਕਿ ਢਿੱਗਾਂ ਡਿੱਗਣ ਕਾਰਨ ਦੂਰ ਪੱਛਮੀ ਨੇਪਾਲ ਦੇ ਅਛਮ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਘੱਟੋ-ਘੱਟ 17 ਲੋਕ ਮਰੇ, 10 ਲਾਪਤਾ ਅਤੇ 10 ਨੂੰ ਬਚਾਇਆ ਗਿਆ। ਰਿਜ਼ਾਲ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਨੂੰ ਹੋਇਆ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇੱਥੇ ਬਿਜਲੀ-ਸੜਕ ’ਚ ਵਿਘਨ ਪੈਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ।ਤਬਾਹੀ ਦੇ ਮੱਦੇਨਜ਼ਰ, ਗ੍ਰਹਿ ਮੰਤਰੀ ਬਾਲ ਕ੍ਰਿਸ਼ਨ ਖੰਡ ਨੇ ਖੋਜ ਅਤੇ ਬਚਾਅ ਕਾਰਜਾਂ ਲਈ ਹੈਲੀਕਾਪਟਰਾਂ ਦੀ ਤਾਇਨਾਤੀ ਦੇ ਹੁਕਮ ਦਿੱਤੇ ਹਨ। ਨੇਪਾਲ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਾਰਨ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸਥਿਤੀ ਬਣੀ ਹੋਈ ਹੈ।ਨੇਪਾਲ ਦੇ ਦਾਰਚੁਲਾ ਜ਼ਿਲੇ ਦੇ ਬੈਂਗਬਾਗਡ ਖੇਤਰ ‘’ਚ ਬੀਤੇ ਸ਼ਨੀਵਾਰ ਨੂੰ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 11 ਲੋਕ ਲਾਪਤਾ ਹੋ ਗਏ।ਲਗਾਤਾਰ ਮੀਂਹ ਕਾਰਨ ਲਾਸਕੂ ਅਤੇ ਮਹਾਂਕਾਲੀ ਨਦੀਆਂ ਵਿੱਚ ਹੜ੍ਹ ਆ ਗਿਆ, ਜਿਸ ਕਾਰਨ ਕਈ ਘਰ ਅਤੇ ਦੋ ਪੁਲ ਰੁੜ੍ਹ ਗਏ।ਨੇਪਾਲ ਵਿੱਚ ਸਾਲਾਨਾ ਮਾਨਸੂਨ ਸੀਜ਼ਨ ਦੌਰਾਨ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੀਆਂ ਆਫ਼ਤਾਂ ਕਾਰਨ ਬਹੁਤ ਸਾਰੀਆਂ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ।ਬਾਰਿਸ਼ ਕਾਰਨ ਕਰੀਬ 600 ਘਰ ਪਾਣੀ ਵਿੱਚ ਡੁੱਬ ਗਏ ਹਨ। ਪੁਲਿਸ ਅਨੁਸਾਰ ਕਾਂਦਰਾ ਅਤੇ ਪਥਰੀਆ ਨਦੀਆਂ ਦੇ ਹੜ੍ਹ ਅਤੇ ਬਸਤੀ ਵਿੱਚ ਪਾਣੀ ਦਾਖਲ ਹੋਣ ਕਾਰਨ 500 ਤੋਂ ਵੱਧ ਘਰ ਪਾਣੀ ਵਿੱਚ ਡੁੱਬ ਗਏ ਹਨ।