ਇਸਲਾਮਾਬਾਦ – ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੀਆਂਵਾਲੀ ਏਅਰਬੇਸ ’ਤੇ ਸ਼ਨੀਵਾਰ ਸਵੇਰੇ ਅਚਾਨਕ ਅੱਤਵਾਦੀ ਹਮਲਾ ਹੋ ਗਿਆ।
ਹਥਿਆਰਬੰਦ ਆਤਮਘਾਤੀ ਹਮਲਾਵਰ ਹਵਾਈ ਸੈਨਾ ਦੇ ਟਰੇਨਿੰਗ ਬੇਸ ਵਿੱਚ ਦਾਖਲ ਹੋ ਗਏ। ਏਅਰਬੇਸ ’ਚ ਅੱਤਵਾਦੀਆਂ ਨੇ ਗੋਲੀਆਂ ਅਤੇ ਧਮਾਕਿਆਂ ਨਾਲ ਤਾਬੜਤੋੜ ਹਮਲਾ ਕਰ ਦਿੱਤਾ। ਤਹਿਰੀਕ-ਏ-ਜੇਹਾਦ ਪਾਕਿਸਤਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਅੱਤਵਾਦੀ ਪੌੜੀਆਂ ਰਾਹੀਂ ਕੰਧ ਟੱਪ ਕੇ ਏਅਰਬੇਸ ਅੰਦਰ ਦਾਖ਼ਲ ਹੋਏ ਸਨ। ਮੀਆਂਵਾਲੀ ਪਾਕਿਸਤਾਨ ਦਾ ਮੁੱਖ ਏਅਰਬੇਸ ਹੈ, ਜਿੱਥੇ ਐੱਫ-16 ਪਾਇਲਟਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ।
ਪਾਕਿਸਤਾਨੀ ਹਵਾਈ ਸੈਨਾ (ਪੀਏਐਫ) ਨੇ ਕਿਹਾ – ਸਾਡੇ ਜਵਾਨਾਂ ਨੇ ਸਮੇਂ ’ਤੇ ਇੱਕ ਵੱਡੇ ਹਮਲੇ ਨੂੰ ਨਾਕਾਮ ਕਰ ਦਿੱਤਾ। ਅੰਤਿਮ ਕਾਰਵਾਈ ਏਅਰਬੇਸ ਦੇ ਅੰਦਰ ਅਤੇ ਆਲੇ-ਦੁਆਲੇ ਕੀਤੀ ਗਈ ਸੀ। ਇਸ ’ਚ 9 ਅੱਤਵਾਦੀ ਮਾਰੇ ਗਏ ਹਨ। ਮੁਕਾਬਲੇ ਦੌਰਾਨ ਇੱਕ ਤੇਲ ਟੈਂਕਰ ਅਤੇ 3 ਜਹਾਜ਼ ਤਬਾਹ ਹੋ ਗਏ।
ਪਾਕਿਸਤਾਨ ’ਚ 24 ਘੰਟਿਆਂ ’ਚ 2 ਅੱਤਵਾਦੀ ਹਮਲੇ ਹੋਏ ਹਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਗਵਾਦਰ ’ਚ ਫੌਜ ਦੇ ਦੋ ਵਾਹਨਾਂ ’ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ’ਚ 14 ਜਵਾਨ ਸ਼ਹੀਦ ਹੋ ਗਏ ਸਨ। ਹਮਲੇ ਦੇ ਸਮੇਂ ਫੌਜੀ ਪਸਨੀ ਤੋਂ ਓੜਮਾਰਾ ਵੱਲ ਵਧ ਰਹੇ ਸਨ। ਉਦੋਂ ਤੋਂ ਹੀ ਇਲਾਕੇ ’ਚ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਹੀ ਖੈਬਰ ਪਖਤੂਨਖਵਾ ਦੇ ਕਈ ਇਲਾਕਿਆਂ ’ਚ ਖੁਫੀਆ ਆਧਾਰਿਤ ਕਾਰਵਾਈ ’ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਇਕ ਆਤਮਘਾਤੀ ਹਮਲਾਵਰ ਸਮੇਤ ਦੋ ਅੱਤਵਾਦੀ ਮਾਰੇ ਗਏ ਸਨ ਜਦਕਿ ਦੋ ਜ਼ਖ਼ਮੀ ਹੋ ਗਏ।
ਤਹਿਰੀਕ-ਏ-ਜੇਹਾਦ ਇੱਕ ਅੱਤਵਾਦੀ ਸੰਗਠਨ ਹੈ, ਮਾਮਲੇ ਦੇ ਮਾਹਿਰ ਇਸ ਨੂੰ ਰਹੱਸਮਈ ਸੰਗਠਨ ਕਹਿੰਦੇ ਹਨ। ਕਾਰਨ ਇਹ ਹੈ ਕਿ ਇਸ ਬਾਰੇ ਜ਼ਿਆਦਾ ਜਾਣਕਾਰੀ ਉਪਲਬਧ ਨਹੀਂ ਹੈ। ਤਹਿਰੀਕ-ਏ-ਜੇਹਾਦ ਇਸ ਤੋਂ ਪਹਿਲਾਂ ਚਮਨ, ਬੋਲਾਨ, ਸਵਾਤ ਖੇਤਰ ਕਾਬਲ ਅਤੇ ਲਕੀ ਮਾਰੂਤ ਵਿੱਚ ਹਮਲਿਆਂ ਦੀ ਜ਼ਿੰਮੇਵਾਰੀ ਲੈ ਚੁੱਕਾ ਹੈ।