ਅੰਮ੍ਰਿਤਸਰ – ਖਾਲਸਾ ਯੂਨੀਵਰਸਿਟੀ ਵਿਖੇ ‘ਪਾਠਕ੍ਰਮ ਡਿਜ਼ਾਈਨ ਅਤੇ ਅਜੋਕੀ ਸਿੱਖਿਆ ਦੇ ਮਿਆਰ ਅਤੇ ਤਬਦੀਲੀਆਂ’ ਵਿਸ਼ੇ ’ਤੇ ਹਫ਼ਤਾ ਭਰ ਚੱਲਣ ਵਾਲੇ ਫੈਕਲਟੀ ਓਰੀਐਂਟੇਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਹਾਜ਼ਰ ’ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਦੁਆਰਾ ਕੀਤਾ ਗਿਆ। ’ਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਦੇ ਸਹਿਯੋਗ ਨਾਲ ਉਲੀਕੇ ਗਏ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ, ਭਾਗੀਦਾਰਾਂ ਅਤੇ ਮਾਹਿਰ ਬੁਲਾਰਿਆਂ ਦੇ ਸਵਾਗਤ ਨਾਲ ਹੋਈ। ਇਸ ਮੌਕੇ ਡਾ. ਮਹਿਲ ਸਿੰਘ ਨੇ ਉੱਚ ਸਿੱਖਿਆ ’ਚ ਨਵੀਨਤਾ ਅਤੇ ਅਨੁਕੂਲਤਾ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਸਿੱਖਿਆ ਅਤੇ ਸਿੱਖਣ ਦੀ ਗੁਣਵੱਤਾ ਨੂੰ ਵਧਾਉਣ ’ਚ ਅਜੋਕੀ ਵਿੱਦਿਆ ਦੀ ਭੂਮਿਕਾ ਨੂੰ ਉਜਾਗਰ ਕੀਤਾ।
ਉਨ੍ਹਾਂ ਨੇ ਡਾ. ਸੁਰਿੰਦਰ ਕੌਰ ਅਤੇ ਪ੍ਰੋਗਰਾਮ ਕੋਆਰਡੀਨੇਟਰ ਨੂੰ ਅਜਿਹੇ ਅਕਾਦਮਿਕ ਸਮਾਗਮ ਦੇ ਆਯੋਜਨ ਲਈ ਕੀਤੇ ਗਏ ਯਤਨਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਪ੍ਰਬੰਧਕਾਂ ਨੂੰ ਇਕ ਅਗਾਂਹਵਧੂ ਐਫ. ਡੀ. ਪੀ. ਸ਼ੁਰੂ ਕਰਨ ਲਈ ਵਧਾਈ ਦਿੰਦਿਆਂ ਡਾ. ਰਿਤੂ ਧਵਨ, ਡੀਨ, ਫੈਕਲਟੀ ਆਫ਼ ਕਾਮਰਸ ਐਂਡ ਮੈਨੇਜਮੈਂਟ, ਖ਼ਾਲਸਾ ਯੂਨੀਵਰਸਿਟੀ ਦੀ ਉਕਤ ਪ੍ਰੋਗਰਾਮ ਨੂੰ ਸਫਲਤਾਪੂਰਵਕ ਕਰਵਾਉਣ ਅਤੇ ਅਕਾਦਮਿਕ ਉੱਤਮਤਾ ਵੱਲੋਂ ਫੈਕਲਟੀ ਸਸ਼ਕਤੀਕਰਨ ’ਚ ਯੋਗਦਾਨ ਪਾਉਣ ਲਈ ਸ਼ਲਾਘਾ ਕੀਤੀ।
ਇਸ ਮੌਕੇ ਵਿਸ਼ੇਸ਼ ਮਹਿਮਾਨ ਮੂਡਲ ਸਰਟੀਫਾਈਡ ਐਜੂਕੇਟਰ ਦੇ ਐਡ-ਟੈਕ ਸਲਾਹਕਾਰ ਸ੍ਰੀ ਸ਼ਸ਼ੁਮਨਾ ਰਾਓ ਤਾਦੀਨਾਦਾ ਨੇ ‘ਸਿਖਲਾਈ ਦੀਆਂ ਅਜੋਕੀਆਂ ਤਕਨੀਕਾਂ’ ਵਿਸ਼ੇ ’ਤੇ ਸੈਸ਼ਨ ਦੌਰਾਨ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਵਿਦਿਆਰਥੀ-ਕੇਂਦ੍ਰਿਤ ਸਿੱਖਅਕ ਵਾਤਾਵਰਣ ਬਣਾਉਣ ਲਈ ਰਵਾਇਤੀ ਕਲਾਸਰੂਮ ਅਭਿਆਸਾਂ ਦੇ ਨਾਲ ਨਾਲ ਮੌਜ਼ੂਦਾ ਤਕਨਾਲੋਜੀ ਦੇ ਪ੍ਰਬੰਧਨਾਂ ਨੂੰ ਪੜ੍ਹਾਉਣ ਨਾਲ ਜੋੜਨ ਦੀ ਗੱਲ ਕਹੀ। ਉਨ੍ਹਾਂ ਨੇ ਸਿਖਲਾਈ ਮਾਡਲਾਂ, ਲਰਨਿੰਗ ਮੈਨੇਜਮੈਂਟ ਸਿਸਟਮ (ਐਲਐਮਐਸ) ਦੀ ਪ੍ਰਭਾਵਸ਼ਾਲੀ ਵਰਤੋਂ ਅਤੇ ਉੱਚ ਸਿੱਖਿਆ ਵਿੱਚ ਪਾਠਕ੍ਰਮ ਡਿਲੀਵਰੀ ਵਾਲੇ ਨਵੀਨ ਡਿਜੀਟਲ ਸਾਧਨਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਸੈਸ਼ਨ ਉਪਰੰਤ ਚਰਚਾਵਾਂ ’ਚ ਸ਼ਾਮਿਲ ਹੋ ਕੇ ਸਵਾਲ ਜਵਾਬ ਕੀਤੇ।