ਰੋਮ – ਇਟਲੀ ਬੇਸ਼ੱਕ ਭਾਰਤੀ ਖਾਸਕਰ ਪੰਜਾਬੀ ਲੋਕਾਂ ਦਾ ਮਹਿਬੂਬ ਦੇਸ਼ ਹੈ ਪਰ ਇਟਲੀ ਦੀ ਜਵਾਨੀ ਇਟਲੀ ਦੀ ਡਗਮਗਾ ਰਹੀ ਆਰਥਿਕਤਾ ਕਾਰਨ ਇਟਲੀ ਨੂੰ ਅਲਵਿਦਾ ਕਹਿਣ ਲਈ ਮਜ਼ਬੂਰ ਹੈ ਜਿਸਦੇ ਚੱਲਦਿਆਂ ਪਿਛਲੇ 2 ਦਹਾਕਿਆਂ ਦੌਰਾਨ 30 ਲੱਖ ਤੋਂ ਵਧੇਰੇ ਨੌਜਵਾਨ ਇਟਲੀ ਤੋਂ ਕਿਨਾਰਾ ਕਰ ਚੁੱਕੇ ਹਨ।ਇਸ ਗੱਲ ਦਾ ਖੁਲਾਸਾ ਇਟਲੀ ਦੀ ਮੁੱਖ ਅੰਕੜਾ ਏਜੰਸੀ ਇਸਤਤ ਨੇ ਕਰਦਿਆਂ ਕਿਹਾ ਇਸ ਸਮੇਂ ਇਟਲੀ ਵਿੱਚ 10 ਮਿਲੀਅਨ ਤੋਂ ਵਧੇਰੇ ਨੌਜਵਾਨ ਹਨ ਜਿਹਨਾਂ ਨੇ ਇਟਲੀ ਦੀ ਵਾਂਗਡੋਰ ਸੰਭਾਲਣੀ ਹੈ ਪਰ ਸੰਨ 2003 ਤੋਂ ਇਸ ਗਿਣਤੀ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਜਿਹੜੀ ਕਿ ਹੁਣ 23 ਫੀਸਦੀ ਨੂੰ ਵੀ ਪਾਰ ਕਰ ਚੁੱਕੀ ਹੈ।ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿੱਥੇ ਕਿ 18 ਤੋਂ 34 ਸਾਲ ਦੇ ਨੌਜਵਾਨਾਂ ਦੀ ਸਭ ਤੋਂ ਘੱਟ ਗਿਣਤੀ ਹੈ ਇਹ ਅੰਕੜਾ 17.5 % ਸੰਨ 2021 ਦਾ ਹੈ ਜਿਹੜਾ ਕਿ ਔਸਤ ਨਾਲੋਂ 19. 6%ਘੱਟ ਹੈ ।ਇਸ ਵਕਤ ਜਦੋਂ ਕਿ ਇਟਲੀ ਦੀ ਜਵਾਨੀ ਇਟਲੀ ਵਿੱਚ ਆਪਣਾ ਭੱਵਿਖ ਸੁੱਰਖਿਅਤ ਨਹੀਂ ਸਮਝ ਰਹੀ ਅਜਿਹੀ ਸਥਿਤੀ ਵਿੱਚ ਏਸ਼ੀਅਨ ਤੇ ਕਈ ਹੋਰ ਦੇਸ਼ਾਂ ਦੇ ਲੋਕ ਇਟਲੀ ਆਪਣਾ ਬਿਹਤਰ ਭੱਵਿਖ ਬਣਾਉਣ ਲਈ ਲੱਖਾਂ ਰੁਪਏ ਕਰਜ਼ਾ ਚੁੱਕ ਧੜਾ-ਧੜ ਆਉਂਦੇ ਹੀ ਜਾ ਰਹੇ ਹਨ ਜਾਂ ਫਿਰ ਕਿਸੇ ਹੋਰ ਦੇਸ਼ ਜਾਣ ਨੂੰ ਵੀ ਇਟਲੀ ਦਾ ਦਰਵਾਜ਼ਾ ਹੀ ਵਰਤ ਰਹੇ ਹਨ।ਇਟਾਲੀਅਨ ਨੌਜਵਾਨ ਦੇਸ਼ ਛੱਡ ਰਹੇ ਹਨ ਇਹ ਇੱਕ ਵੱਡਾ ਮੁੱਦਾ ਹੈ।ਇਸਤਤ ਦੇ ਵਿਸ਼ਲੇਸ਼ਣ ਅਨੁਸਾਰ ਦੱਖਣੀ ਇਟਲੀ ਅਜਿਹਾ ਖੇਤਰ ਹੈ ਜਿੱਥੇ ਕਿ ਨੌਜਵਾਨ ਵਰਗ ਦੀ ਗਿਣਤੀ ਆਮ ਨਾਲੋਂ ਕਾਫ਼ੀ ਘੱਟ ਹੈ ਸੰਨ 2002 ਤੋਂ ਇੱਥੇ 28 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।ਪੜ੍ਹਾਈ ਨੂੰ ਲੈਕੇ ਬੱਚੇ ਸੰਤੁਸ਼ਟ ਨਹੀਂ ਕਿਉਂਕਿ ਯੂਨੀਵਰਸਿਟੀ ਵਿੱਚ ਕੋਰਸ ਜ਼ਿਆਦਾ ਵਧੀਆ ਨਹੀਂ ਸਮਝੇ ਜਾ ਰਹੇ। ਬਹੁਤੇ ਕਾਲਜ ਵੀ ਫ਼ੰਡਾਂ ਦੀ ਘਾਟ ਕਾਰਨ ਕਈ ਤਰ੍ਹਾਂ ਦੀਆਂ ਸਹੂਲਤਾਂ ਤੋਂ ਸੱਖਣੇ ਹਨ।ਇਸ ਇਲਾਕੇ ਵਿੱਚ ਵਿਕਾਸ,ਅਧਿਐਨ ਤੇ ਰੁਜ਼ਗਾਰ ਦੇ ਮੌਕੇ ਦੇਣ ਵਿੱਚ ਸੰਬਧਤ ਪ੍ਰਸ਼ਾਸ਼ਨ ਬੁਰੀ ਤਰ੍ਹਾਂ ਅਸਫ਼ਲ ਹੈ।ਕਈ ਨਗਰ ਪਾਲਿਕਾਵਾਂ ਨੇ ਨਗਰ ਵਿੱਚ ਪੱਕੇ ਬਾਸ਼ਿੰਦੇ ਬਣਨ ਲਈ ਆਕਰਸ਼ਕ ਮੁਹਿੰਮਾਂ ਜਿਹਨਾਂ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੀ ਗੱਲ ਕੀਤੀ ਜਾਂਦੀ ਹੈ ਪਰ ਇਹਨਾਂ ਸਭ ਦੇ ਬਾਵਜੂਦ ਨੌਜਵਾਨ ਵਰਗ ਦਾ ਦਿਲ ਹਾਲੇ ਤੱਕ ਨਹੀਂ ਠਹਿਰਦਾ ਕਿ ਉਹ ਇਟਲੀ ਰਹਿ ਕਿ ਹੀ ਜ਼ਿੰਦਗੀ ਬੀਤਤ ਕਰਨ ਜਿਵੇਂ ਕਿ ਇਸ ਵਕਤ ਪੰਜਾਬੀ ਨੌਜਵਾਨਾਂ ਦਾ ਨਹੀਂ ਠਹਿਰ ਰਿਹਾ ਕਿ ਉਹ ਪੰਜਾਬ ਹੀ ਮਾਪਿਆਂ ਨਾਲ ਰਹਿਣ ਤੇ ਭੱਵਿਖ ਬਿਹਤਰ ਦੇ ਚੱਕਰਾਂ ਵਿੱਚ ਗੈਰ ਕਾਨੂੰਨੀ ਢੰਗ ਤਰੀਕੇ ਅਪਨਾਉਂਦੇ ਅਨੇਕਾਂ ਨੌਜਵਾਨਾਂ ਜਿੱਥੇ ਆਪ ਦੁਨੀਆਂ ਤੋਂ ਬੇਵਕਤੀ ਚਲੇ ਗਏ ਉੱਥੇ ਮਾਪਿਆਂ ਨੂੰ ਬੁੱਢਾਪੇ ਵਿੱਚ ਧੱਕੇ-ਧੋਲੇ ਖਾਣ ਲਈ ਛੱਡ ਜਾਂਦੇ ਹਨ।