ਪੰਜਾਬ ਪੁਲਿਸ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਰੀਲ ਬਣਾਉਣ ਨੂੰ ਲੈ ਕੇ ਨਿਯਮਾਂ ‘ਚ ਸਖਤੀ ਕੀਤੀ ਗਈ ਹੈ। ਡੀਜੀਪੀ ਦਫ਼ਤਰ ਤੋਂ ਜਾਰੀ ਹੁਕਮਾਂ ਤਹਿਤ ਹੁਣ ਮੁਲਾਜ਼ਮ ਪੁਲਿਸ ਵਰਦੀ ਵਿੱਚ ਰੀਲ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਨਹੀਂ ਕਰ ਸਕਣਗੇ। ਪੰਜਾਬ ਪੁਲਿਸ ਨੇ ਇਸ ਸਬੰਧੀ ਸਖ਼ਤ ਦਿਸ਼ਾ-ਨਿਰਦੇਸ਼ ਲਾਗੂ ਕੀਤੇ ਹਨ ਕਿਉਂਕਿ ਹਾਲ ਹੀ ਵਿੱਚ ਕੁੱਝ ਪੁਲਿਸ ਕਰਮਚਾਰੀਆਂ ਨੂੰ ਵਰਦੀ ਵਿੱਚ ਨੱਚਦੇ, ਭੰਗੜਾ ਪਾਉਂਦੇ ਅਤੇ ਮਨੋਰੰਜਕ ਵੀਡੀਓ ਬਣਾਉਂਦੇ ਦੇਖਿਆ ਗਿਆ ਸੀ ਜਿਸ ਨਾਲ ਵਿਭਾਗ ਦੇ ਅਕਸ ਨੂੰ ਸੱਟ ਵੱਜੀ ਹੈ।
ਡੀਜੀਪੀ ਦਫ਼ਤਰ ਨੇ ਸਾਰੇ ਰੇਂਜ ਆਈਜੀ, ਡੀਆਈਜੀ, ਪੁਲਿਸ ਕਮਿਸ਼ਨਰ ਅਤੇ ਜ਼ਿਲ੍ਹਾ ਐਸਐਸਪੀ ਨੂੰ ਨਿਗਰਾਨੀ ਵਧਾਉਣ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧ ਵਿੱਚ ਸਟੇਟ ਸਾਈਬਰ ਕ੍ਰਾਈਮ ਵਿੰਗ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ, ਜੋ ਸ਼ੱਕੀ ਸੋਸ਼ਲ ਮੀਡੀਆ ਗਤੀਵਿਧੀਆਂ ਦੀਆਂ ਸਮੇਂ-ਸਮੇਂ ‘ਤੇ ਰਿਪੋਰਟਾਂ ਤਿਆਰ ਕਰੇਗੀ ਅਤੇ ਉਨ੍ਹਾਂ ਨੂੰ ਡੀਜੀਪੀ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਮੀਟਿੰਗ ਵਿੱਚ ਪੇਸ਼ ਕਰੇਗੀ। ਵਿਭਾਗ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰਮਚਾਰੀਆਂ ਦੀ ਏਸੀਆਰ ਪ੍ਰਭਾਵਿਤ ਹੋਵੇਗੀ ਅਤੇ ਉਨ੍ਹਾਂ ਦੀ ਤਰੱਕੀ ਵੀ ਪ੍ਰਭਾਵਿਤ ਹੋ ਸਕਦੀ ਹੈ।
ਵਰਨਣਯੋਗ ਹੈ ਕਿ ਕਈ ਤਾਜ਼ਾ ਮਾਮਲਿਆਂ ਦੇ ਵਿੱਚ ਪੰਜਾਬ ਪੁਲਿਸ ਦੇ ਕੁੱਝ ਮੁਲਾਜ਼ਮਾਂ ਦੇ ਵਲੋਂ ਪੁਲਿਸ ਵਰਦੀ ਦੇ ਵਿੱਚ ਸੋਸ਼ਲ ਮੀਡੀਆ ਉਪਰ ਵਾਇਰਲ ਵੀਡੀਓਜ਼ ਦੇ ਨਾਲ ਪੰਜਾਬ ਪੁਲਿਸ ਮਹਿਕਮੇ ਦੀ ਹੋਈ ਬਦਨਾਮੀ ਦੇ ਕਾਰਣ ਪੁਲਿਸ ਵਿਭਾਗ ਦੇ ਵਲੋਂ ਇਸ ਸਬੰਧੀ ਸਖਤ ਕਦਮ ਚੁੱਕੇ ਗਏ ਹਨ।