ਪੈਰਿਸ – ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ਵਿੱਚ ਆਪਣਾ ਕੁਆਰਟਰ ਫਾਈਨਲ ਮੈਚ ਗ੍ਰੇਟ ਬਿ੍ਰਟੇਨ ਦੇ ਖਿਲਾਫ ਖੇਡਿਆ। ਭਾਰਤੀ ਹਾਕੀ ਟੀਮ ਨੇ ਬਿ੍ਰਟੇਨ ਨੂੰ ਸ਼ੂਟਆਊਟ ‘ਚ 4-2 ਨਾਲ ਹਰਾਇਆ ਹੈ। ਰੋਮਾਂਚਕ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਗ੍ਰੇਟ ਬਿ੍ਰਟੇਨ ਨੂੰ ਹਰਾ ਕੇ ਟੋਕੀਓ ਓਲੰਪਿਕ ਵਿੱਚ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਇਸ ਵਾਰ ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਗਰੁੱਪ ਗੇੜ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਹਾਕੀ ਟੀਮ ਨੇ ਇਸ ਮੈਚ ਵਿੱਚ ਵੀ ਜ਼ਬਰਦਸਤ ਸ਼ੁਰੂਆਤ ਕੀਤੀ ਪਰ ਗ੍ਰੇਟ ਬਿ੍ਰਟੇਨ ਨੇ ਵੀ ਸ਼ਾਨਦਾਰ ਖੇਡ ਦਿਖਾਈ। ਆਪਣੇ ਮੁੱਖ ਡਿਫੈਂਡਰ ਅਮਿਤ ਰੋਹੀਦਾਸ ਦੇ ਬਿਨਾਂ ਅੱਧੇ ਤੋਂ ਵੱਧ ਮੈਚ ਖੇਡਣ ਦੇ ਬਾਵਜੂਦ ਭਾਰਤ ਦੀ ਇਹ ਜਿੱਤ ਬਹੁਤ ਖਾਸ ਹੈ। ਮੈਚ ਦਾ ਨਤੀਜਾ ਸ਼ੂਟਆਊਟ ‘ਚ ਨਿਕਲਿਆ ਕਿਉਂਕਿ ਦੋਵੇਂ ਟੀਮਾਂ ਨਿਰਧਾਰਤ 90 ਮਿੰਟ ਤੱਕ 1-1 ਨਾਲ ਬਰਾਬਰੀ ‘ਤੇ ਸਨ, ਜਿਸ ਤੋਂ ਬਾਅਦ ਭਾਰਤੀ ਅਨੁਭਵੀ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਆਪਣਾ ਸਾਰਾ ਤਜ਼ਰਬਾ ਦਿੰਦੇ ਹੋਏ ਸ਼ੂਟਆਊਟ ‘ਚ ਭਾਰਤੀਆਂ ਦੀਆਂ ਉਮੀਦਾਂ ‘ਤੇ ਪਾਣੀ ਫੇਰਨ ਨਹੀਂ ਦਿੱਤਾ। ਮੈਚ ਸ਼ੁਰੂ ਹੁੰਦੇ ਹੀ ਗ੍ਰੇਟ ਬਿ੍ਰਟੇਨ ਨੂੰ ਪੰਜਵੇਂ ਮਿੰਟ ਵਿੱਚ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ। ਦੋਵੇਂ ਵਾਰ ਅਮਿਤ ਰੋਹੀਦਾਸ ਨੇ ਲਗਨ ਨਾਲ ਬਚਾਅ ਕੀਤਾ, ਜਿਸ ਤੋਂ ਬਾਅਦ ਭਾਰਤ ਨੂੰ ਪਹਿਲੇ ਕੁਆਰਟਰ ਦੇ 13ਵੇਂ ਮਿੰਟ ‘ਚ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ, ਪਰ ਕਪਤਾਨ ਹਰਮਨਪ੍ਰੀਤ ਵੀ ਇਸ ‘ਚ ਸਫਲ ਨਹੀਂ ਹੋ ਸਕੇ । ਜਿਵੇਂ ਹੀ ਦੂਜਾ ਕੁਆਰਟਰ ਸ਼ੁਰੂ ਹੋਇਆ ਤਾਂ ਰੈਫਰੀ ਨੇ ਅਮਿਤ ਰੋਹੀਦਾਸ ਨੂੰ ਲਾਲ ਕਾਰਡ ਦਿਖਾ ਕੇ ਬਾਹਰ ਭੇਜ ਦਿੱਤਾ, ਜਿਸ ਤੋਂ ਬਾਅਦ ਭਾਰਤ ਨੂੰ ਪੂਰੇ ਮੈਚ ਵਿੱਚ 11 ਦੀ ਬਜਾਏ 10 ਖਿਡਾਰੀਆਂ ਨਾਲ ਖੇਡਣਾ ਪਿਆ। ਦੋਵਾਂ ਟੀਮਾਂ ਵਿਚਾਲੇ ਇਸ ਮੈਚ ਦਾ ਪਹਿਲਾ ਕੁਆਰਟਰ 0-0 ਨਾਲ ਬਰਾਬਰ ਰਿਹਾ। ਪਰ ਦੂਜੇ ਕੁਆਰਟਰ ਵਿੱਚ ਦੋਵਾਂ ਟੀਮਾਂ ਵੱਲੋਂ ਹਮਲਾਵਰ ਖੇਡ ਦੇਖਣ ਨੂੰ ਮਿਲੀ। ਸਭ ਤੋਂ ਪਹਿਲਾਂ ਮੈਚ ਦੇ 22ਵੇਂ ਮਿੰਟ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੂਜੇ ਕੁਆਰਟਰ ਵਿੱਚ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਕਪਤਾਨ ਹਰਮਨਪ੍ਰੀਤ ਸਿੰਘ ਦਾ ਪੈਰਿਸ ਓਲੰਪਿਕ ਵਿੱਚ ਇਹ 7ਵਾਂ ਗੋਲ ਹੈ। ਇਸ ਤੋਂ ਬਾਅਦ ਬਿ੍ਰਟੇਨ ਦੀ ਟੀਮ ਨੇ ਦੂਜੇ ਕੁਆਰਟਰ ਵਿੱਚ ਹੀ ਬਰਾਬਰੀ ਵਾਲਾ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਬਿ੍ਰਟੇਨ ਲਈ ਲੀ ਮੋਰਟਨ ਨੇ ਗੋਲ ਕੀਤਾ। ਇਸ ਤੋਂ ਬਾਅਦ ਦੋਵਾਂ ਟੀਮਾਂ ਵੱਲੋਂ ਕੋਈ ਗੋਲ ਹੁੰਦਾ ਨਜ਼ਰ ਨਹੀਂ ਆਇਆ। ਹੁਣ ਭਾਰਤ ਦਾ ਸਾਹਮਣਾ 6 ਅਗਸਤ ਨੂੰ ਜਰਮਨੀ ਅਤੇ ਅਰਜਨਟੀਨਾ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।
ਸੈਮੀਫਾਈਨਲ ‘ਚ ਹਾਰੇ ਲਕਸ਼ੇ, ਕਾਂਸੀ ਤਮਗੇ ਦੇ ਮੁਕਾਬਲੇ ‘ਚ ਖੇਡਣਗੇ: ਭਾਰਤ ਦੇ ਲਕਸ਼ੇ ਸੇਨ ਦੋਵੇਂ ਗੇਮਾਂ ਵਿਚ ਬੜ੍ਹਤ ਬਣਾਉਣ ਦੇ ਬਾਵਜੂਦ ਪੈਰਿਸ ਓਲੰਪਿਕ ਦੀ ਬੈਡਮਿੰਟਨ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਵਿਚ ਦੂਜਾ ਦਰਜਾ ਪ੍ਰਾਪਤ ਅਤੇ ਮੌਜੂਦਾ ਚੈਂਪੀਅਨ ਡੈਨਮਾਰਕ ਦੇ ਵਿਕਟਰ ਐਕਸੇਲਸਨ ਤੋਂ ਸਿੱਧੇ ਗੇਮਾਂ ਵਿਚ ਹਾਰ ਗਿਆ ਅਤੇ ਹੁਣ ਕਾਂਸੀ ਦੇ ਤਮਗੇ ਦੇ ਮੁਕਾਬਲੇ ‘ਚ ਖੇਡਣਗੇ। ਓਲੰਪਿਕ ਸੈਮੀਫਾਈਨਲ ‘ਚ ਪਹੁੰਚਣ ਵਾਲੇ ਪਹਿਲੇ ਭਾਰਤੀ ਅਤੇ ਦੁਨੀਆ ਦੇ 22ਵੇਂ ਨੰਬਰ ਦੇ ਖਿਡਾਰੀ ਲਕਸ਼ੇ ਨੂੰ ਰੀਓ ਓਲੰਪਿਕ ਦੇ ਕਾਂਸੀ ਅਤੇ ਟੋਕੀਓ ਓਲੰਪਿਕ ਦੇ ਸੋਨ ਤਮਗਾ ਜੇਤੂ ਐਕਸੇਲਸਨ ਤੋਂ 54 ਮਿੰਟ ‘ਚ 20-22, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲਕਸ਼ੇ ਦੀ ਦੋ ਵਾਰ ਦੇ ਸਾਬਕਾ ਵਿਸ਼ਵ ਚੈਂਪੀਅਨ ਅਤੇ ਸਾਬਕਾ ਵਿਸ਼ਵ ਨੰਬਰ ਇਕ ਐਕਸੇਲਸਨ ਦੇ ਖਿਲਾਫ ਨੌਂ ਮੈਚਾਂ ਵਿਚ ਇਹ ਅੱਠਵੀਂ ਹਾਰ ਹੈ। ਲਕਸ਼ੇ ਹੁਣ ਕਾਂਸੀ ਤਮਗੇ ਦੇ ਮੁਕਾਬਲੇ ਵਿੱਚ ਮਲੇਸ਼ੀਆ ਦੇ ਸੱਤਵਾਂ ਦਰਜਾ ਪ੍ਰਾਪਤ ਲੀ ਜੀ ਜੀਆਨ ਨਾਲ ਭਿੜਨਗੇ ਜਿਸ ਨੂੰ ਥਾਈਲੈਂਡ ਦੇ ਅੱਠਵਾਂ ਦਰਜਾ ਪ੍ਰਾਪਤ ਕੁਨਲਾਵੁਤ ਵਿਤਿਦਸਾਰਨ ਖਿਲਾਫ ਇਕ ਹੋਰ ਸੈਮੀਫਾਈਨਲ ‘ਚ 14-21, 15-21 ਨਾਲ ਹਾਰ ਝੱਲਣੀ ਪਈ। ਫਾਈਨਲ ਮੁਕਾਬਲਾ ਐਕਸੇਲਸਨ ਅਤੇ ਵਿਤਿਦਸਾਰਨ ਵਿਚਕਾਰ ਹੋਵੇਗਾ।