ਵਾਸ਼ਿੰਗਟਨ – ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ ਅਤੇ ਵਿਦੇਸ਼ਾਂ ‘’ਚ ਰਹਿਣ ਵਾਲੇ ਭਾਰਤੀ ਵੀ ਇਸ ‘’ਚ ਪੂਰਾ ਯੋਗਦਾਨ ਪਾ ਰਹੇ ਹਨ। ਇਸ ਸਾਲ ਭਾਰਤ ਨੇ ਪੈਸੇ ਭੇਜਣ ਦੇ ਮਾਮਲੇ ਵਿਚ ਇੱਕ ਵਾਰ ਫਿਰ ਆਪਣਾ ਸਿਖਰਲਾ ਸਥਾਨ ਕਾਇਮ ਰੱਖਿਆ ਹੈ। ਜ਼ਿਕਰਯੋਗ ਹੈ ਕਿ ਜਦੋਂ ਵੀ ਕੋਈ ਪ੍ਰਵਾਸੀ ਬੈਂਕ, ਡਾਕਘਰ ਜਾਂ ਆਨਲਾਈਨ ਟ੍ਰਾਂਸਫਰ ਰਾਹੀਂ ਆਪਣੇ ਜੱਦੀ ਦੇਸ਼ ਨੂੰ ਪੈਸੇ ਭੇਜਦਾ ਹੈ, ਤਾਂ ਇਸਨੂੰ ਰੈਮਿਟੈਂਸ ਕਿਹਾ ਜਾਂਦਾ ਹੈ। ਵਿਸ਼ਵ ਬੈਂਕ ਦੇ ਅੰਕੜਿਆਂ ਮੁਤਾਬਕ ਇਸ ਸਾਲ ਵਿਦੇਸ਼ਾਂ ’ਚ ਰਹਿਣ ਵਾਲੇ 3 ਕਰੋੜ ਤੋਂ ਜ਼ਿਆਦਾ ਭਾਰਤੀਆਂ ਨੇ 125 ਅਰਬ ਡਾਲਰ ਭਾਰਤ ਭੇਜੇ ਹਨ। ਇਸ ਮਾਮਲੇ ਵਿੱਚ ਭਾਰਤ ਦੇ ਨੇੜੇ-ਤੇੜੇ ਵੀ ਕੋਈ ਨਹੀਂ ਹੈ। ਮੈਕਸੀਕੋ 67 ਅਰਬ ਡਾਲਰ ਨਾਲ ਦੂਜੇ ਸਥਾਨ ‘’ਤੇ ਅਤੇ ਚੀਨ 50 ਅਰਬ ਡਾਲਰ ਨਾਲ ਤੀਜੇ ਸਥਾਨ ‘’ਤੇ ਹੈ। ਯੂਏਈ ਅਤੇ ਸਾਊਦੀ ਅਰਬ ਭਾਰਤੀਆਂ ਦੇ ਪਸੰਦੀਦਾ ਸਥਾਨ ਹਨ। ਵਿਸ਼ਵ ਬੈਂਕ ਦੀ ਰਿਪੋਰਟ ਅਨੁਸਾਰ ਸਾਲ 2023 ਵਿੱਚ ਘੱਟ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਲਈ ਰੈਮਿਟੈਂਸ ਲਗਭਗ 3.8 ਪ੍ਰਤੀਸ਼ਤ ਵਧਿਆ ਅਤੇ ਇਹ 669 ਅਰਬ ਡਾਲਰ ਤੱਕ ਪਹੁੰਚ ਗਿਆ। ਇਸ ਸਾਲ ਦੱਖਣੀ ਏਸ਼ੀਆ ਨੂੰ ਭੇਜੇ ਜਾਣ ਵਾਲੇ ਪੈਸੇ ਵਿੱਚ 7.2% ਦਾ ਵਾਧਾ ਹੋਇਆ ਹੈ। ਭਾਰਤ ਤੋਂ ਬਾਅਦ, ਸਭ ਤੋਂ ਵੱਧ ਰੈਮਿਟੈਂਸ ਪ੍ਰਾਪਤ ਕਰਨ ਵਾਲੇ ਦੇਸ਼ਾਂ ਵਿੱਚ ਮੈਕਸੀਕੋ, ਚੀਨ, ਫਿਲੀਪੀਨਜ਼ (40 ਅਰਬ ਡਾਲਰ ) ਅਤੇ ਮਿਸਰ (24 ਅਰਬ ਡਾਲਰ) ਸ਼ਾਮਲ ਹਨ। ਵਿਸ਼ਵ ਬੈਂਕ ਨੇ ਕਿਹਾ ਕਿ ਪ੍ਰਵਾਸੀਆਂ ਤੋਂ ਪੈਸਾ ਪ੍ਰਾਪਤ ਕਰਨ ਵਿਚ ਭਾਰਤ ਸੱਭ ਤੋਂ ਅੱਗੇ ਹੈ, ਇਹ ਇਸ ਗੱਲ ਦਾ ਸੰਕੇਤ ਹੈ ਕਿ ਪ੍ਰਵਾਸੀ ਭਾਰਤੀਆਂ ਦਾ ਅਪਣੇ ਦੇਸ਼ ਦੀ ਆਰਥਿਕਤਾ ਵਿਚ ਭਰੋਸਾ ਜਾਰੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 2024 ਵਿਚ ਗਲੋਬਲ ਮਹਿੰਗਾਈ ਅਤੇ ਘੱਟ ਵਿਕਾਸ ਸੰਭਾਵਨਾਵਾਂ ਕਾਰਨ ਪ੍ਰਵਾਸੀਆਂ ਦੀ ਅਸਲ ਆਮਦਨ ਵਿਚ ਗਿਰਾਵਟ ਦਾ ਖਤਰਾ ਬਣਿਆ ਹੋਇਆ ਹੈ।