ਨਵੀਂ ਦਿੱਲੀ– ਭਾਰਤੀ ਪੁਰਸ਼ ਹਾਕੀ ਟੀਮ ਦਾ ਕਪਤਾਨ ਮਨਪ੍ਰੀਤ ਸਿੰਘ ਐੱਫ. ਆਈ. ਐੱਚ. ਪ੍ਰੋ-ਲੀਗ ਦੇ ਸੋਧੇ ਪ੍ਰੋਗਰਾਮ ਤੋਂ ਖੁਸ਼ ਹੈ ਤੇ ਉਸਦਾ ਕਹਿਣਾ ਹੈ ਕਿ ਅਗਲੇ ਸਾਲ ਲਗਾਤਾਰ ਮੈਚ ਖੇਡਣ ਨਾਲ ਉਸਦੀ ਟੀਮ ਨੂੰ ਟੋਕੀਓ ਓਲੰਪਿਕ ਤੋਂ ਪਹਿਲਾਂ ਲੈਅ ਹਾਸਲ ਕਰਨ ਵਿਚ ਮਦਦ ਮਿਲੇਗੀ। ਭਾਰਤੀ ਟੀਮ ਆਪਣਾ ਪ੍ਰੋ-ਲੀਗ ਮੁਹਿੰਮ ਸੋਧੇ ਪ੍ਰੋਗਰਾਮ ਦੇ ਅਨੁਸਾਰ ਅਪ੍ਰੈਲ ‘ਚ ਅਰਜਨਟੀਨਾ ਦੇ ਵਿਰੁੱਧ ਮੁਕਾਬਲੇ ਤੋਂ ਸ਼ੁਰੂ ਕਰੇਗੀ। ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੇ ਵੀਰਵਾਰ ਨੂੰ ਸੋਧੇ ਪ੍ਰੋਗਰਾਮ ਦਾ ਐਲਾਨ ਕੀਤਾ।
ਮਨਪ੍ਰੀਤ ਨੇ ਕਿਹਾ,”ਮੈਨੂੰ ਲੱਗਦਾ ਹੈ ਕਿ ਅਰਜਨਟੀਨਾ ਤੇ ਬ੍ਰਿਟੇਨ ਦੇ ਖਿਲਾਫ ਸਾਡੇ ਮੈਚਾਂ ਵਿਚ ਚਾਰ ਹਫਤੇ ਦੇ ਫਰਕ ਤੋਂ ਬਾਅਦ ਅਸੀਂ ਮਈ ਦੇ ਅੰਤ ਤਕ ਹਰੇਕ ਹਫਤੇ ਲਗਾਤਾਰ ਮੈਚ ਖੇਡਾਂਗੇ ਤੇ ਓਲੰਪਿਕ ਖੇਡਾਂ ਤੋਂ ਪਹਿਲਾਂ ਅਸੀਂ ਇਸ ਤਰ੍ਹਾਂ ਦੀ ਲੈਅ ਚਾਹੁੰਦੇ ਹਾਂ।” ਉਸ ਨੇ ਕਿਹਾ,”ਅਸੀਂ ਇਸ ਦੌਰਾਨ ਆਪਣੀ ਸਰੀਰਕ ਤੇ ਮਾਨਸਿਕ ਮਜ਼ਬੂਤੀ ਦਾ ਟੈਸਟ ਲਵਾਂਗੇ ਤਾਂ ਕਿ ਅਸੀਂ ਦੇਖ ਸਕੀਏ ਕਿ ਲਗਾਤਾਰ ਵੱਡੇ ਮੈਚਾਂ ਵਿਚ ਖੇਡਣ ਤੋਂ ਬਾਅਦ ਦਬਾਅ ਨਾਲ ਕਿਵੇਂ ਨਜਠਿਆ ਜਾ ਸਕਦਾ ਹੈ। ਓਲੰਪਿਕ ਤੋਂ ਪਹਿਲਾਂ ਇਹ ਸਾਡੇ ਲਈ ਆਦਰਸ਼ ਟ੍ਰੇਨਿੰਗ ਹੋਵੇਗੀ।” ਭਾਰਤੀ ਟੀਮ 10 ਤੇ 11 ਅਪ੍ਰੈਲ ਨੂੰ ਅਰਜਨਟੀਨਾ ਨਾਲ ਖੇਡੇਗੀ।