ਚੰਡੀਗੜ੍ਹ – ਪੰਜਾਬ ਨੂੰ ਅਜੇ ਅਗਲੇ ਕੁਝ ਦਿਨਾਂ ਤਕ ਠੰਢ ਤੋਂ ਕੋਈ ਰਾਹਤ ਨਹੀਂ ਮਿਲਣ ਵਾਲੀ ਹੈ। ਮੌਸਮ ਵਿਭਾਗ ਵੱਲੋਂ ਅਗਲੇ ਚਾਰ ਦਿਨਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਵਿਚ ਕੁਝ ਥਾਵਾਂ ’ਤੇ ਸੰਘਣੀ ਧੁੰਦ ਦੇ ਨਾਲ-ਨਾਲ ਸੀਤ ਲਹਿਰ ਵੀ ਚੱਲੇਗੀ। ਅੱਜ ਪੰਜਾਬ ਦੇ ਸਾਰੇ 24 ਜ਼ਿਲ੍ਹਿਆਂ ਵਿਚ ਓਰੈਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਾਰੇ ਜ਼ਿਲ੍ਹਿਆਂ ਵਿਚ ਧੁੰਦ ਦਾ ਅਸਰ ਰਹੇਗਾ ਤੇ ਨਾਲ ਹੀ ਸੀਤਲਹਿਰ ਕਾਰਨ ਦਿਨ ਦਾ ਤਾਪਮਾਨ ਵੀ ਠਿਠੁਰਨ ਵਾਲਾ ਰਹੇਗਾ। ਅੱਜ ਵੀ ਧੁੱਪ ਘੱਟ ਨਿਕਲਣ ਤੇ ਤਾਪਮਾਨ ਸਾਧਾਰਨ ਤੋਂ 7 ਤੋਂ 8 ਡਿਗਰੀ ਤਕ ਘੱਟ ਰਹਿਣ ਦਾ ਅਨੁਮਾਨ ਹੈ। ਬੀਤੇ ਦਿਨੀਂ ਵੀ ਧੁੱਪ ਨਹੀਂ ਨਿਕਲੀ ਤੇ ਘੱਟੋ-ਘੱਟ ਤਾਪਮਾਨ ਵਿਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਚਾਰ ਡਿਗਰੀ ਦੇ ਨਾਲ ਬਠਿੰਡਾ ਸਭ ਤੋਂ ਠੰਢਾ ਰਿਹਾ, ਦੂਜੇ ਪਾਸੇ ਲੁਧਿਆਣਾ ਵਿਚ ਠੰਢ ਦਾ ਪਿਛਲੇ 54 ਸਾਲ ਦਾ ਰਿਕਾਰਡ ਟੁੱਟ ਗਿਆ। ਮੌਸਮ ਵਿਭਾਗ ਮੁਤਾਬਕ ਲੁਧਿਆਣਾ ਵਿਚ 22 ਜਨਵਰੀ ਵਾਲਾ ਦਿਨ 54 ਸਾਲਾਂ ਵਿਚ ਪਹਿਲੀ ਵਾਰ ਸਭ ਤੋਂ ਠੰਢਾ ਰਿਹਾ। ਸੋਮਵਾਰ ਨੂੰ ਦਿਨ ਦਾ ਅਧਿਕਤਮ ਤਾਪਮਾਨ 9.4 ਡਿਗਰੀ ਰਿਕਾਰਡ ਕੀਤਾ ਗਿਆ। ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 7.2 ਡਿਗਰੀ, ਲੁਧਿਆਣੇ ਦਾ 5.6 ਡਿਗਰੀ, ਪਟਿਆਲੇ ਦਾ 5.8, ਪਠਾਨਕੋਟ ਦਾ 7.7 ਫਰੀਦਕੋਟ ਦਾ 5.0, ਐੱਸ.ਬੀ.ਐੱਸ. ਨਗਰ ਦਾ 5.0 ਤੇ ਗੁਰਦਾਸਪੁਰ ਦਾ 4.5 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹਰਿਆਣਾ ਵਿਚ ਵੀ 21 ਜ਼ਿਲ੍ਹਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਫਰੀਦਾਬਾਦ ਤੇ ਪਾਨੀਪਤ ਦੋ ਅਜਿਹੇ ਜ਼ਿਲ੍ਹੇ ਹਨ ਜਿਥੇ ਯੈਲੋ ਅਲਰਟ ਹੈ। ਸੂਰਜ ਘੱਟ ਨਿਕਲਣ ਦੇ ਆਸਾਰ ਹਨ ਤੇ ਦਿਨ ਜ਼ਿਆਦਾ ਠੰਢਾ ਰਹਿ ਸਕਦਾ ਹੈ। ਸਵੇਰ ਦੇ ਸਮੇਂ ਧੁੰਦ ਦਾ ਅਸਰ ਵੀ ਰਹਿ ਸਕਦਾ ਹੈ।
ਹਿਮਾਚਲ ਪ੍ਰਦੇਸ਼ ’ਚ 25 ਤੋਂ ਬਰਫ਼ਬਾਰੀ ਤੇ ਮੀਂਹ ਦੀ ਸੰਭਾਵਨਾ
ਜਨਵਰੀ ਵਿਚ ਲੰਬੇ ਸੁੱਕੇ ਮੌਸਮ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿਚ ਵੀਰਵਾਰ ਤੋਂ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਸੂਬੇ ਦੇ ਪਹਾੜੀ ਇਲਾਕਿਆਂ ’ਚ ਕੁਝ ਥਾਵਾਂ ’ਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ
ਪਹਾੜੀਆਂ ਦੇ ਕੁਝ ਉੱਚੇ ਅਤੇ ਹੇਠਲੇ ਖੇਤਰਾਂ ਵਿੱਚ ਬਰਫਬਾਰੀ ਅਤੇ ਬਾਰਸ਼ ਹੋਣ ਦੀ ਸੰਭਾਵਨਾ ਹੈ। ਐਤਵਾਰ ਨੂੰ ਸੂਬੇ ਦੇ ਵੱਖ-ਵੱਖ ਇਲਾਕਿਆਂ ’ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ ਇਸ ਸਾਲ ਸਰਦੀਆਂ ਦੌਰਾਨ ਸਿਰਫ 0.1 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ।