ਚੰਡੀਗੜ੍ਹ – ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਐਤਵਾਰ ਨੂੰ ਮੋਸਟ ਵਾਂਟੇਡ ਅੱਤਵਾਦੀ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਮਡਿਊਲ ਦੇ ਸਰਗਰਮ ਮੈਂਬਰ ਚਰਨਜੀਤ ਸਿੰਘ ਉਰਫ ਪਟਿਆਲਵੀ ਨੂੰ ਗ੍ਰਿਫਤਾਰ ਕੀਤਾ, ਜੋ ਕਿ ਪਿਛਲੇ 12 ਸਾਲਾਂ ਤੋਂ ਵੱਖ-ਵੱਖ ਪਛਾਣ ਅਤੇ ਛੁਪਣਗਾਹਾਂ ਨਾਲ ਗ੍ਰਿਫਤਾਰੀ ਤੋਂ ਬਚ ਰਿਹਾ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਹਾਲ ਹੀ ‘ਚ ਗੈਂਗਸਟਰਾਂ ਵਿਰੁੱਧ ਕਾਰਵਾਈ ਤੇਜ਼ ਕਰਨ ਲਈ ਡੀਜੀਪੀ ਪੰਜਾਬ ਵੀਕੇ ਭਾਵਰਾ ਦੀ ਨਿਗਰਾਨੀ ਹੇਠ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਾਲੀ ਇਕ ਏਜੀਟੀਐੱਫ ਦਾ ਗਠਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਏਜੀਟੀਐੱਫ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਦੇ ਪਿੰਡ ਬੂਟਾ ਸਿੰਘ ਵਾਲਾ ਦੇ ਵਸਨੀਕ ਚਰਨਜੀਤ ਪਟਿਆਲਵੀ ਨੂੰ ਥਾਣਾ ਮਾਛੀਵਾੜਾ ਵਿਖੇ ਐਕਸਪਲੋਸਿਵ ਐਕਟ ਦੀ ਧਾਰਾ 4/5 ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 17/18/20 ਅਧੀਨ ਦਰਜ ਐੱਫਆਈਆਰ ਨੰਬਰ 154 ਮਿਤੀ 23-07-2010 ‘ਚ ਭਗੌੜਾ ਕਰਾਰ ਦਿੱਤਾ ਗਿਆ ਸੀ। ਹਾਲਾਂਕਿ, ਪਟਿਆਲਵੀ ਦੇ ਇਕ ਹੋਰ ਸਾਥੀ ਮ੍ਰਿਤਕ ਅੱਤਵਾਦੀ ਗੁਰਮੇਲ ਸਿੰਘ ਬੋਬਾ ਵਾਸੀ ਬੂਟਾ ਸਿੰਘ ਵਾਲਾ ਨੂੰ ਇਸ ਮਾਮਲੇ ਵਿੱਚ ਡੇਟੋਨੇਟਰ ਅਤੇ ਆਰਡੀਐਕਸ ਦੀ ਬਰਾਮਦਗੀ ਸਮੇਤ ਗਿ੍ਫਤਾਰ ਕੀਤਾ ਗਿਆ ਸੀ।
ਉਨਾਂ ਦੱਸਿਆ ਕਿ ਭਰੋਸੇਯੋਗ ਸੂਚਨਾ ਤੋਂ ਬਾਅਦ ਏਆਈਜੀ ਏਜੀਟੀਐੱਫ ਗੁਰਮੀਤ ਸਿੰਘ ਚੌਹਾਨ ਅਤੇ ਡੀਐੱਸਪੀ ਏਜੀਟੀਐੱਫ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿਚ ਏਜੀਟੀਐੱਫ ਦੀਆਂ ਟੀਮਾਂ ਨੇ ਪਟਿਆਲਵੀ ਨੂੰ ਡੇਰਾ ਬਸੀ ਦੇ ਪਿੰਡ ਲਾਲੀ ਦੇ ਗੁਰਦੁਆਰਾ ਸਾਹਿਬ ਨੇੜਿਓਂ ਗਿ੍ਫਤਾਰ ਕੀਤਾ।
ਭੁੱਲਰ ਨੇ ਕਿਹਾ “ਪਟਿਆਲਵੀ, ਗ੍ਰੰਥੀ ਦਾ ਭੇਸ ਬਣਾ ਕੇ ਇਸ ਸਮੇਂ ਪੱਛਮੀ ਬੰਗਾਲ ਦੇ ਖੜਗਪੁਰ ਸਥਿਤ ਗੁਰਦੁਆਰਾ ਸਾਹਿਬ ਵਿੱਚ ਰਹਿ ਰਿਹਾ ਸੀ ਅਤੇ ਕਿਸੇ ਵੀ ਸੰਚਾਰ ਸਾਧਨ ਦੀ ਵਰਤੋਂ ਨਹੀਂ ਸੀ ਰਿਹਾ ।” ਉਹਨਾਂ ਅੱਗੇ ਕਿਹਾ ਕਿ ਦੋਸ਼ੀ ਦੇ ਕਬਜੇ ਵਿੱਚੋਂ ਪੱਛਮੀ ਬੰਗਾਲ ਦੇ ਪਤੇ ਵਾਲੇ ਵੱਖ-ਵੱਖ ਪਛਾਣ ਪੱਤਰ ਬਰਾਮਦ ਕੀਤੇ ਗਏ ਹਨ। ਭੁੱਲਰ ਨੇ ਕਿਹਾ ਕਿ ਅਗਲੇਰੀ ਜਾਂਚ ਦੀ ਪ੍ਰਕਿਰਿਆ ਜਾਰੀ ਹੈ, ਇਸ ਨਾਲ ਹੋਰ ਗਿ੍ਤਾਰੀਆਂ ਅਤੇ ਅਹਿਮ ਖੁਲਾਸੇ ਹੋਣ ਦੀ ਆਸ ਹੈ।
ਚਰਨਜੀਤ ਉਰਫ ਪਟਿਆਲਵੀ ਬੀਕੇਆਈ ਅੱਤਵਾਦੀ ਮਡਿਊਲ ਦਾ ਪੰਜਾਬ ਪੁਲਿਸ ਨੇ 2010 ਵਿਚ ਪਰਦਾਫ਼ਾਸ਼ ਕੀਤਾ ਸੀ, ਦਾ ਸਰਗਰਮ ਮੈਂਬਰ ਸੀ। ਇਹ ਮਡਿਊਲ 2007 ਵਿਚ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਬੰਬ ਧਮਾਕਿਆਂ ਅਤੇ 2010 ਵਿਚ ਕਾਲੀ ਮਾਤਾ ਮੰਦਰ, ਪਟਿਆਲਾ ਅਤੇ ਅੰਬਾਲਾ ਵਿਖੇ ਹੋਏ ਬੰਬ ਧਮਾਕਿਆਂ ਦੀ ਸਾਜ਼ਿਸ ਵਿਚ ਸ਼ਾਮਲ ਸੀ। ਪੰਜਾਬ ਪੁਲਿਸ ਨੇ 2010 ਵਿਚ ਪਟਿਆਲਵੀ ਦੇ ਬਾਕੀ ਸਾਰੇ ਸਾਥੀਆਂ ਨੂੰ ਗਿ੍ਫਤਾਰ ਕਰ ਲਿਆ ਸੀ।