ਬਠਿੰਡਾ ’ਚ ਕਿਸਾਨਾਂ ਦੇ ਵਿਰੋਧ ਅੱਗੇ ਭਾਜਪਾ ਆਗੂ ਵਿਚਾਲੇ ਛੱਡ ਕੇ ਭੱਜੇ ਮੀਟਿੰਗ

ਬਠਿੰਡਾ – ਸਥਾਨਕ ਹੋਟਲ ਵਿਚ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਕੀਤੀ ਜਾ ਰਹੀ ਮੀਟਿੰਗ ਦੀ ਭਿਣਕ ਲੱਗਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰਾਂ ਨੇ ਇਸ ਹੋਟਲ ਦਾ ਘਿਰਾਓ ਕਰ ਲਿਆ। ਨਾਅਰੇਬਾਜ਼ੀ ਤੇ ਵਿਰੋਧ ਕਾਰਨ ਭਾਜਪਾ ਆਗੂਆਂ ਨੂੰ ਮੀਟਿੰਗ ਵਿਚਾਲੇ ਛੱਡ ਕੇ ਜਾਣਾ ਪਿਆ। ਕਿਸਾਨ ਆਗੂਆਂ ਨੇ ਦੱਸਿਆ ਕਿ 5 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਜ਼ੱਫਰਨਗਰ ਯੂਪੀ ਵਿਚ ਰੈਲੀ ਕੀਤੀ ਜਾ ਰਹੀ ਹੈ।

ਇਸ ਲਈ ਬਠਿੰਡਾ ਜ਼ਿਲ੍ਹੇ ਤੋਂ ਵੱਡੀ ਪੱਧਰ ‘ਤੇ ਕਿਸਾਨ ਆਗੂ ਤੇ ਵਰਕਰ ਰਵਾਨਾ ਹੋ ਗਏ ਹਨ। ਬਠਿੰਡਾ ਜ਼ਿਲ੍ਹਾ ਦੇ ਭਾਜਪਾ ਆਗੂਆਂ ਨੇ ਇਹ ਮੌਕਾ ਤਕਦਿਆਂ ਬਠਿੰਡਾ ਸ਼ਹਿਰ ਦੇ ਹੋਟਲ ਵਿਚ ਮੀਟਿੰਗ ਰੱਖੀ ਹੋਈ ਸੀ। ਇਸ ਕਾਰਨ ਭਾਕਿਯੂ ਏਕਤਾ ਉਗਰਾਹਾਂ ਵੱਲੋਂ ਕਿਸਾਨ ਆਗੂਆਂ ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਸਿਮਰਜੀਤ ਸਿੰਘ ਚੱਕ ਫਤਿਹ ਸਿੰਘ ਵਾਲਾ, ਦੀਨਾ ਸਿਵੀਆਂ, ਅੰਮਿ੍ਤਪਾਲ ਸਿੰਘ ਮੌੜ ਚੜ੍ਹਤ ਸਿੰਘ ਦੀ ਅਗਵਾਈ ਵਿਚ ਕਿਸਾਨ ਵੱਡੀ ਗਿਣਤੀ ਵਿਚ ਉੱਥੇ ਪਹੁੰਚ ਗਏ ਤੇ ਪੁਲਿਸ ਦੀਆਂ ਰੋਕਾਂ ਤੋੜ ਕੇ ਹੋਟਲ ਦਾ ਘਿਰਾਓ ਕੀਤਾ।

ਕਿਸਾਨ ਆਗੂਆਂ ਨੇ ਕਿਹਾ ਕਿ ਹਿਮਾਚਲ ਤੇ ਕਸ਼ਮੀਰ ਵਿਚ ਸੇਬਾਂ ਦੇ ਫਲਾਂ ਦੀ ਖਰੀਦ ਅਡਾਨੀ ਗਰੁੱਪ ਵੱਲੋਂ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨਾਲ ਕੀਤੇ ਰੇਟਾਂ ਤੋਂ ਘੱਟ ਰੇਟਾਂ ‘ਤੇ ਸੇਬ ਖ਼ਰੀਦ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਕੇਂਦਰ ਸਰਕਾਰ ਨੂੰ ਕਾਰਪੋਰੇਟ ਕੰਪਨੀਆਂ ਦੇ ਮੁਨਾਿਫ਼ਆਂ ਦੇ ਹਿੱਤਾਂ ਦਾ ਫਿਕਰ ਸਤਾ ਰਿਹਾ ਹੈ, ਕਿਸਾਨਾਂ ਨਾਲ ਮੋਹ ਨਹੀਂ। ਇਸ ਲਈ ਜਿੰਨਾ ਚਿਰ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਓਨਾਂ ਚਿਰ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰ ਠੱਪ ਰੱਖੇ ਜਾਣਗੇ ਤੇ ਭਾਜਪਾ ਆਗੂਆਂ ਦੀਆਂ ਜਨਤਕ ਰੈਲੀਆਂ ਤੇ ਮੀਟਿੰਗਾਂ ਦਾ ਸਖ਼ਤ ਵਿਰੋਧ ਜਾਰੀ ਰੱਖਾਂਗੇ।

Related posts

ਨਵਜੋਤ ਕੌਰ ਨੇ ‘ਸੁੱਘੜ ਸੁਨੱਖੀ ਮੁਟਿਆਰ’, ਵਿਸ਼ਵਪ੍ਰੀਤ ਕੌਰ ਨੇ ‘ਰੂਪ ਦੀ ਰਾਣੀ’ ਤੇ ਅਰਪਨਜੋਤ ਕੌਰ ਨੇ ‘ਗੁਣਵੰਤੀ ਮੁਟਿਆਰ’ ਖਿਤਾਬ ਜਿੱਤਿਆ

ਖ਼ਾਲਸਾ ਹਾਕੀ ਅਕੈਡਮੀ ਨੇ ‘ਤੀਜੇ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ’ ’ਚ ਚਾਂਦੀ ਦਾ ਤਗਮਾ ਜਿੱਤਿਆ

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਲੋਕਾਂ ਲਈ 29 ਤੱਕ ਖੁੱਲ੍ਹਾ ਰਹੇਗਾ