ਜਸਵਿੰਦਰ ਸਿੰਘ ਬਰਾੜ

 

 

 

 

ਕਿਸਾਨੀ ਸੰਘਰਸ਼ ਨੂੰ ਸਮਰਪਿਤ ਗ਼ਜ਼ਲ

ਏ ਜੋ ਬੈਠੇ ਧਰਨਿਆਂ ਤੇ ਤੂੰ ਆਖੇ ਮਰਦ ਖਰਾਬੀ ਐ।
ਮੈਂ ਆਖਾ ਬੈਠੇ ਧਰਨਿਆਂ ਤੇ ਏ ਪੁੱਤਰ ਸ਼ੇਰ ਨਵਾਬੀ ਐ।
ਮੈਨੂੰ ਪਤਾ ਜੋ ਤੈਨੂੰ ਇਨ੍ਹਾਂ ਦੀ ਡਾਢੀ ਹੀ ਗੱਲ ਚੁੱਭਦੀ ਐ,
ਏ ਚਾਪਲੂਸ ਜਿਹੇ ਬੰਦੇ ਨਹੀਂ ਤਟ ਫਟ ਦੇ ਹਾਜ਼ਰ ਜਵਾਬੀ ਐ।
ਤੁਸਾਂ ਚੁੱਪ ਚੁਪੀਤੇ ਘੜਿਆ ਸੀ ਮਨਸੂਬਾ ਮੁਲਕ ਨੂੰ ਲੁੱਟਣ ਦਾ,
ਪਰ ਇਹ ਸਾਂਝਾ ਮੋਰਚਾ ਬਣਿਆ ਹੱਡੀ ਥੋਡੇ ਵਿੱਚ ਕਬਾਬੀ ਐ।
ਹੋ ਗਿਆ ਹੋਣੈ ‘ਮਿੱਤਰੋ’ ਉਸ ਬਾਰੇ ਦੂਰ ਭੁਲੇਖਾ ਹੁਣ ਤੇ,
ਜਿਸਨੂੰ ਕੁੱਲ ਆਲਮ ਸੀ ਭੰਡਿਆ ਕਹਿ ਕੇ ਘੋਰੀ ਅਤੇ ਸ਼ਰਾਬੀ ਐ।
ਕੀ ਹੋਇਆ ਜੇ ਗੁੱਝੀਆਂ ਚਾਲਾਂ ਚੱਲ ਕੇ ਤੁਸੀਂ ਕੀਤਾ ਟੋਟੇ ਟੋਟੇ,
ਯਾਦ ਰੱਖਿਓ ਹਰ ਟੁੱਕੜੇ ਦਾ ਜੰਮਿਆ ਆਖਿਰ ਸ਼ੇਰ ਪੰਜਾਬੀ ਐ।
ਕੋਈ ਗਿੱਠ ਝੁਕਦਾ ਇਹ ਝੁਕ ਝੁਕ ਉਸਨੂੰ ਦੇਣ ਸਲਾਮੀ,
ਇੱਟ ਚੁੱਕਦੇ ਨੂੰ  ਪੱਥਰ ਚੁੱਕ ਕੇ ਖੜਦਾ ਯਾਰ ਪੰਜਾਬੀ ਐ।
ਵਕਤ ਆਉਣ ਤੇ ਮਾਧੋ ਨੇ ਬਣ ਬੰਦਾ ਖੰਡਾ ਖੜਕਾ ਦੇਣੈ,
ਸ਼ੁਕਰ ਕਰੋ ਹਾਲੇ ਤੱਕ ਬੰਦਾ ਬਣਿਆ ਬੈਠਾ ਯਾਰ ਰਬਾਬੀ ਐ।
———————00000———————

ਗ਼ਜ਼ਲ – ਕੁੱਝ ਬੰਦੇ

ਕੁੱਝ ਬੰਦੇ ਐਸੇ ਵੀ ਨੇ ਸ਼ਾਮਲ, ਵਿੱਚ ਸੂਚੀ ਮੇਰੇ ਯਾਰਾਂ ਦੀ,
ਉੱਪਰੋਂ ਅਪਣੱਤ ਦਿਖਾਉਂਦੇ ਨੇ,ਐਪਰ ਦਿਲ ਤੋਂ ਰੱਖਣ ਖਾਰਾਂ ਜੀ।

ਬਦਨਾਮ ਕਰਨ ਦਾ ਕੋਈ ਮੌਕਾ, ਇਹ ਹੱਥੋਂ ਜਾਣ ਨਾ ਦਿੰਦੇ ਨੇ
ਛੱਡਣ ਪਲਾਂ ਦੇ ਵਿੱਚ ਬਣਾ ਕੇ, ਖੰਭਾਂ ਦੀਆਂ ਇਹ ਡਾਰਾਂ ਜੀ।

ਸੱਚੀ ਯਾਰ ਵੀ ਚੰਦਰੇ ਹੋ ਗਏ, ਅੱਜ ਦੀ ਸਿਆਸਤ ਵਰਗੇ ਨੇ,
ਕੀ ਪਤਾ ਕਦ ਬਹੁਮਤ ਦੇ ਕੇ ਗੈਰਾਂ ਨੂੰ, ਡੇਗ ਜਾਣ ਸਰਕਾਰਾਂ ਜੀ।

ਦੌਲਤ ਸ਼ੌਹਰਤ ਦੇਣ ਰੱਬ ਦੀ, ਨਾ ਜਾਣੇ ਕਿਹੜੀ ਗੱਲੋਂ ਸੜਦੇ ਨੇ,
ਜੋ ਮੇਰੀ ਮੌਤ ਦੀ ਖਬਰ ਪੜਨ ਲਈ, ਰੋਜ਼ ਪੜ੍ਹਨ ਅਖਬਾਰਾਂ ਜੀ।

ਦੁਸ਼ਮਣ ਨਾਲ ਤੇ ਲੜ ਕੇ ਔਖਾ, ਸੌਖਾ ਜਿੱਤ ਹੀ ਜਾਂਦਾ ਮੈਂ
ਕੀਕਣ ਲੜ ਦਾ ਉਸਦੇ ਨਾਲ, ਜਿੱਥੇ ਜਿੱਤ ਵੀ ਹੋਵਣ ਹਾਰਾਂ ਜੀ।

ਚੰਦਨ ਨੇ ਤਾਂ ਚੰਦਨ ਰਹਿਣਾ, ਇਹ ਸਭ ਕੁਦਰਤ ਦਾ ਵਰਦਾਨ,
ਆ ਲੱਖ ਜ਼ਹਿਰੀਲਾ ਨਾਗ ਵੀ ਮਾਰੇ, ਭਾਵੇਂ ਕੋਟ ਫੂਕਾਰਾ ਜੀ।

ਚੱਲ ‘ਬਰਾੜਾ’ ਕੱਢ ਭੜਾਸ, ਲਿਖਕੇ ਦਿਲ ਦੇ ਡੂੰਘੇ ਦਰਦਾਂ ਨੂੰ,
ਸੂਚੀ ਵਾਲੇ ਦੀ ਜੜ੍ਹ ਦੇ ਉੱਤੇ, ਨਾ ਆਪਾ ਕਦੇ ਚਲਾਈਏ ਆਰਾ ਜੀ।

———————00000———————

ਗ਼ਜ਼ਲ – ਬਦਲ ਗਈ ਏ ਦੁਨੀਆ

ਬਦਲ ਗਈ ਏ ਦੁਨੀਆ ਬਦਲ ਗਏ ਨੇ ਸਭਨਾਂ ਦੇ ਕਿਰਦਾਰ,

ਇੱਕੋ ਚੀਜ਼ ਜੋ ਅੱਜ ਵੀ ਬਦਲੀ ਨਾਹੀਂ ਮਾਂ ਦਾ ਬੱਚਿਆਂ ਲਈ ਪਿਆਰ।

ਰਿਸ਼ਤੇ ਨਾਤੇ ਸਭ ਮਿੱਟੀ ਹੋ ਗਏ ਮਿੱਟੀ ਹੋ ਗਏ ਧਰਮ ਇਮਾਨ,

ਇੱਕੋ ਰਿਸ਼ਤਾ ਮਾਂ ਦਾ ਸੱਚਾ ਬਚਿਆ ਬਾਕੀ ਗਰਕ ਗਿਆ ਸੰਸਾਰ।

ਰੱਥ ਅਗਨ ਦਾ ਤਾਂਡਵ ਕਰਦਾ ਤਾਂਡਵ ਕਰਦਾ ਸੱਚ ਦੀ ਹਿੱਕ ਤੇ ਆਣ,

ਨਿੱਤ ਰੋਜ਼ ਹੁੰਦਾ ਹੈ ਦੂਣ ਸਵਾਇਆ ਮਜ਼ਲੂਮਾਂ ਦਾ ਚੀਕ ਚਿਹਾੜਾ ਹਾਹਾਕਾਰ।

ਪੰਜ – ਪੰਜ ਕਹਿ ਕੇ ਆਵਣ ਆਵਣ ਚੂੰਢਣ ਵਾਲੇ ਲੋਕ ਮਹਾਨ

ਚੂੰਢਿਆ ਗਿਆ ਕਰੰਗ ਨਾ ਬਦਲੇ ਬੱਸ ਬਦਲਣ ਚੂੰਢਣ ਵਾਲੇ ਦੇ ਪ੍ਰਕਾਰ।

ਵਿਚਲੀ ਗੱਲ ਕਰੰਗ ਨਾ ਸਮਝੇ ਨਾ ਸਮਝੇ ਕਾਗਾ ਦੀ ਟੇਢੀ ਚਾਲ,

ਕਰੰਗ ਕਾਗਾ ਨੂੰ ਰੱਖਿਅਕ ਜਾਣੇ ਚੁਣਦਾ ਕਾਗਾ ਚੋਂ ਸਰਕਾਰ।

‘ਬਰਾੜਾ’ ਤੂੰ ਕੱਲਾ ਨਹੀਂ ਮੂਰਖ ਇੱਥੇ ਮੂਰਖ ਹੈ ਏ ਕੁੱਲ ਜਹਾਨ,

ਆਤਸੀਨ ਵਿੱਚ ਸੱਪ ਪਾਲ ਕੇ ਯੁੱਗੋਂ ਲੰਮੀ ਉਮਰ ਲਈ ਕਰਨ ਪੁਕਾਰ,

———————00000———————

Related posts

ਕੁਲਦੀਪ ਸਿੰਘ ਢੀਂਗੀ !

ਰਵਿੰਦਰ ਸਿੰਘ ਸੋਢੀ, ਕੈਲਗਰੀ ਕੈਨੇਡਾ

ਪ੍ਰੋ: ਨਵ ਸੰਗੀਤ ਸਿੰਘ, ਪਟਿਆਲਾ ਇੰਡੀਆ