ਬਲੋਚਿਸਤਾਨ – ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ’ਚ ਸ਼ੁਕਰਵਾਰ ਤੜਕੇ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਕੋਲਾ ਖਾਨਾਂ ’ਤੇ ਹਮਲਾ ਕਰ ਦਿਤਾ, ਜਿਸ ’ਚ ਘੱਟੋ-ਘੱਟ 20 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ ਇਹ ਘਟਨਾ ਸੂਬੇ ਦੇ ਡੁਕੀ ਇਲਾਕੇ ’ਚ ਵਾਪਰੀ। ਇਹ ਹਮਲਾ ਪਾਕਿਸਤਾਨ ਵਿਚ ਹਿੰਸਾ ਦੀ ਲੜੀ ਵਿਚ ਤਾਜ਼ਾ ਹੈ। ਇਹ ਹਮਲਾ ਕੌਮੀ ਰਾਜਧਾਨੀ ’ਚ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸਿਖਰ ਸੰਮੇਲਨ ਤੋਂ ਠੀਕ ਪਹਿਲਾਂ ਹੋਇਆ ਹੈ।ਡੁਕੀ ਜ਼ਿਲ੍ਹੇ ਦੇ ਚੇਅਰਮੈਨ ਹਾਜੀ ਖੈਰੁੱਲਾ ਨਾਸਿਰ ਨੇ ਦਸਿਆ ਕਿ ਹਮਲਾਵਰਾਂ ਨੇ ਹਮਲੇ ’ਚ ਗ੍ਰੇਨੇਡ ਅਤੇ ਰਾਕੇਟ ਲਾਂਚਰ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ’ਚ ਕੋਲੇ ਦੀਆਂ 10 ਖਾਣਾਂ ਹਨ। ਨਾਸਿਰ ਨੇ ਦਸਿਆ ਕਿ ਹਮਲਾਵਰਾਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਖੁਦਾਈ ਕਰਨ ਵਾਲੀਆਂ ਮਸ਼ੀਨਾਂ ਨੂੰ ਵੀ ਅੱਗ ਲਾ ਦਿਤੀ।ਘੱਟੋ-ਘੱਟ 20 ਮਜ਼ਦੂਰ ਮਾਰੇ ਗਏ ਅਤੇ ਅੱਠ ਜ਼ਖਮੀ ਹੋ ਗਏ। ਹਮਲੇ ਤੋਂ ਬਾਅਦ ਪੁਲਿਸ, ਅਰਧ ਸੈਨਿਕ ਫਰੰਟੀਅਰ ਕੋਰ (ਐਫ.ਸੀ.) ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਪੁਲਿਸ ਸੂਤਰਾਂ ਨੇ ਦਸਿਆ ਕਿ ਮਿ੍ਰਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਕੁੱਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ।