ਵਾਸ਼ਿੰਗਟਨ – ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀ ਚੋਣ ਪ੍ਰਕਿਰਿਆ ਤਹਿਤ ਰੋਡ ਆਈਲੈਂਡ, ਕੁਨੈਕਟੀਕਟ, ਨਿਊਯਾਰਕ ਅਤੇ ਵਿਸਕੌਨਸਿਨ ਵਿੱਚ ਹੋਈਆਂ ਪ੍ਰਾਇਮਰੀ ਚੋਣਾਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਸਾਨੀ ਨਾਲ ਜਿੱਤ ਹਾਸਲ ਕਰ ਲਈ। ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਬਾਇਡਨ (81) ਦਾ ਡੈਮੋਕਰੈਟਿਕ ਪਾਰਟੀ ਅਤੇ ਟਰੰਪ (77) ਦਾ ਰਿਪਬਲੀਕਨ ਪਾਰਟੀ ਦਾ ਉਮੀਦਵਾਰ ਬਣਨਾ ਲਗਪਗ ਤੈਅ ਹੈ। ਇਸ ਵਾਰ ਵੀ ਰਾਸ਼ਟਰਪਤੀ ਚੋਣਾਂ ਵਿੱਚ 2020 ਵਾਂਗ ਟਰੰਪ ਅਤੇ ਬਾਇਡਨ ਦੇ ਆਹਮੋ-ਸਾਹਮਣੇ ਹੋਣ ਦੀ ਸੰਭਾਵਨਾ ਹੈ।ਬਾਇਡਨ ਅਤੇ ਟਰੰਪ ਦੀ ਜਿੱਤ ਦੇ ਨਾਲ ਹੀ ਉਨ੍ਹਾਂ ਨੂੰ ਮਿਲੇ ਡੈਲੀਗੇਟਾਂ ਦੀ ਗਿਣਤੀ ਵਿੱਚ ਵਾਧਾ ਹੋ ਗਿਆ ਹੈ। ਰਾਸ਼ਟਰਪਤੀ ਦੇ ਅਹੁਦੇ ਲਈ ਦੋਹਾਂ ਪਾਰਟੀਆਂ ਦੇ ਉਮੀਦਵਾਰ ਚੁਣਨ ਲਈ ਹੋਈਆਂ ਚੋਣਾਂ ਵਿੱਚ ਚਾਰੋਂ ਸੂਬਿਆਂ ਵਿੱਚ ਕਈ ਦਾਅਵੇਦਾਰਾਂ ਦੇ ਨਾਮ ਬੈਲੇਟ ਪੇਪਰਾਂ ਵਿੱਚ ਸਨ ਪਰ ਟਰੰਪ ਅਤੇ ਬਾਇਡਨ ਨੂੰ ਕਿਸੇ ਵੱਡੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਬੀਤੇ ਦਿਨੀਂ ਹੋਈਆਂ ਪ੍ਰਾਇਮਰੀ ਚੋਣਾਂ ਵਿੱਚ ਟਰੰਪ ਨੂੰ 75 ਫੀਸਦ ਤੋਂ ਜ਼ਿਆਦਾ ਵੋਟਾਂ ਮਿਲੀਆਂ, ਜਦਕਿ ਬਾਇਡਨ ਨੂੰ 80 ਫ਼ੀਸਦ ਤੋਂ ਵੱਧ ਵੋਟਾਂ ਹਾਸਲ ਹੋਈਆਂ। ਇਸ ਦੇ ਨਾਲ ਹੀ ਟਰੰਪ ਕੋਲ ਹੁਣ 1860 ਡੈਲੀਗੇਟਾਂ ਦਾ ਸਮਰਥਨ ਹੈ। ਬਾਇਡਨ ਨੇ ਹੁਣ ਤੱਕ 3030 ਡੈਲੀਗੇਟਾਂ ਦਾ ਸਮਰਥਨ ਹਾਸਲ ਕਰ ਲਿਆ ਹੈ ਜਦਕਿ ਪਾਰਟੀ ਉਮੀਦਵਾਰ ਬਣਨ ਵਾਸਤੇ 1968 ਡੈਲੀਗੇਟਾਂ ਦੀ ਲੋੜ ਹੁੰਦੀ ਹੈ।ਬਾਇਡਨ ਨੂੰ ਚੋਣਾਂ ਦੌਰਾਨ ਕੁਝ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ।