ਅੰਮ੍ਰਿਤਸਰ – ਜ਼ਿਲ੍ਹਾ ਅਦਾਲਤ ਵਲੋਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਹੈ, ਕਿਉਂਕਿ ਅਦਾਲਤ ਵੱਲੋਂ ਉਸਦੀ ਅਗਾਊ ਜਮਾਨਤ ਦਾ ਮਾਮਲਾ ਹੁਣ ਭਲਕੇ 11 ਜੂਨ ਨੂੰ ਵਿਚਾਰਿਆ ਜਾਵੇਗਾ। ਹਾਲਾਂਕਿ ਇਸ ਦੌਰਾਨ ਬਿਕਰਮ ਮਜੀਠੀਆ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਬਿਕਰਮ ਬਾਠ ਨੂੰ ਇਸ ਕੇਸ ਵਿੱਚੋਂ ਰਾਹਤ ਮਿਲ ਗਈ ਹੈ।
ਮਜੀਠੀਆ ਵੱਲੋਂ ਇਸ ਸਬੰਧ ਵਿੱਚ ਬੀਤੇ ਕੱਲ 9 ਜੂਨ ਨੂੰ ਜ਼ਿਲ੍ਹਾ ਅਦਾਲਤ ਵਿੱਚ ਗ੍ਰਿਫਤਾਰੀ ਦੇ ਰੋਕ ਲਾਉਣ ਅਤੇ ਅਗਾਊ ਜਮਾਨਤ ਦੀ ਅਰਜੀ ਦਾਇਰ ਕੀਤੀ ਗਈ ਸੀ, ਜਿਸ ਦੀ ਅੱਜ ਸੁਣਵਾਈ ਸੀ। ਉਸਦੇ ਵਕੀਲ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਐਡਵੋਕੇਟ ਬਿਕਰਮਜੀਤ ਬਾਠ ਕਾਨੂੰਨੀ ਸਲਾਹਕਾਰ ਦੇ ਰੂਪ ਵਿੱਚ ਘਟਨਾ ਵਾਲੇ ਦਿਨ ਉਸ ਦੇ ਨਾਲ ਸੀ ਅਤੇ ਇਸ ਵਿੱਚ ਉਸਦਾ ਕੋਈ ਰੋਲ ਨਹੀਂ ਹੈ। ਇਸ ਲਈ ਇਸ ਮਾਮਲੇ ਵਿੱਚ ਉਸਦੀ ਗ੍ਰਿਫਤਾਰੀ ਦੀ ਲੋੜ ਨਹੀਂ ਹੈ। ਇਸ ਦੌਰਾਨ ਅਦਾਲਤ ਵੱਲੋਂ ਮਜੀਠੀਆ ਦੀ ਅਗਾਊ ਜਮਾਨਤ ਦੀ ਅਰਜ਼ੀ ਦਾ ਮਾਮਲਾ ਭਲਕੇ 11 ਜੂਨ ਨੂੰ ਵਿਚਾਰਿਆ ਜਾਵੇਗਾ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਦਰਜ ਕੀਤਾ ਗਿਆ ਕੇਸ ਕਰਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਤੇ ਹੋਰਨਾਂ ਦੇ ਖ਼ਿਲਾਫ਼ 31 ਮਈ ਨੂੰ ਪੁਲੀਸ ਥਾਣਾ ਮਜੀਠਾ ਵਿੱਚ ਜਬਰੀ ਦਾਖਲ ਹੋਣ ਅਤੇ ਇੱਕ ਬੰਧਕ ਨੂੰ ਛੁਡਾਉਣ ਦਾ ਯਤਨ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਅਕਾਲੀ ਆਗੂ ਮਜੀਠੀਆ ਸਮੇਤ ਹੋਰ ਵੀ ਨਾਮਜਦ ਕੀਤੇ ਗਏ ਸਨ। ਇਸ ਦੌਰਾਨ ਮਜੀਠਾ ਕਸਬੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਲਾਪਤਾ ਹੋਣ ਸਬੰਧੀ ਪੋਸਟਰ ਲਾਏ ਗਏ ਹਨ ਜਦਕਿ ਦੂਜੇ ਪਾਸੇ ਮਜੀਠੀਆ ਸਮਰਥਕਾਂ ਵੱਲੋਂ ਟਾਈਗਰ ਅਭੀ ਜਿੰਦਾ ਹੈ ,ਦੇ ਨਾਂਅ ਹੇਠ ਪੋਸਟਰ ਲਾਏ ਗਏ ਹਨ।