ਆਮ ਆਦਮੀ ਪਾਰਟੀ ਦੇ ਤਿੰਨ ਸੰਸਦ ਮੈਂਬਰਾਂ ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ ਵਲੋਂ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਣ ‘ਤੇ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੀ ਸਿਆਸੀ ਹਲਚਲ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ, “ਪੰਜਾਬ ਵਿੱਚ ਆਮ ਆਦਮੀ ਪਾਰਟੀ ਅੰਦਰ ਹਲਚਲ ਸ਼ੁਰੂ ਹੋ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਪਾਰਟੀ ਵੱਡੇ ਪੱਧਰ ‘ਤੇ ਟੁੱਟ ਹੋਵੇਗੀ, ਜੋ ਭਗਵੰਤ ਮਾਨ ਸਰਕਾਰ ਨੂੰ ਅਸਥਿਰ ਕਰ ਦੇਵੇਗੀ। ਇਹ ਤਾਂ ਸ਼ੁਰੂਆਤ ਹੈ ਸਿਰਫ ਫਿਲਮ ਦਾ ਟ੍ਰੇਲਰ ਹੈ ਫਿਲਮ ਹਾਲੇ ਬਾਕੀ ਹੈ, ਜੋ ਜਲਦੀ ਹੀ ਪੰਜਾਬੀਆਂ ਨੂੰ ਦੇਖਣ ਵਿਚ ਮਿਲੇਗੀ। ਉਹਨਾਂ ਅੱਗੇ ਕਿਹਾ ਕਿ ਮੈਂ ਇਸਦੀ ਉਮੀਦ ਅਗਸਤ ਵਿੱਚ ਕਰ ਰਿਹਾ ਸੀ, ਪਰ ਇਹ ਤਾਂ ਅਪ੍ਰੈਲ ਵਿੱਚ ਹੀ ਹੋ ਗਿਆ ਹੈ।”
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ, “ਹੁਣ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਪਾਰਟੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਵਿਧਾਇਕਾਂ ਦਾ ਪਾਰਟੀ ਛੱਡਣ ਦਾ ਸਿਲਸਿਲਾ ਜਲੰਧਰ ਅਤੇ ਲੁਧਿਆਣਾ ਤੋਂ ਸ਼ੁਰੂ ਹੋਵੇਗਾ। ਇਹਨਾਂ ਵਿਧਾਇਕਾ ਦੇ ਪਾਰਟੀ ਛੱਡਣ ਨਾਲ ਮੁੱਖ-ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ‘ਤੇ ਗੰਭੀਰ ਖਤਰਾ ਮੰਡਰਾਅ ਰਿਹਾ ਹੈ ਅਤੇ ਸਰਕਾਰ ਜਲਦੀ ਹੀ ਆਪਣਾ ਵਿਧਾਨਸਭਾ ਵਿਚ ਬਹੁਮਤ ਖੋਹ ਦੇਵੇਗੀ। ਮੈਂ ਪੰਜਾਬ ਦੇ ਗਵਰਨਰ ਨੂੰ ਅਪੀਲ ਕਰਦਾ ਹਾਂ ਕਿ ਜਲਦੀ ਹੀ ਪੰਜਾਬ ਵਿਧਾਨਸਭਾ ਦਾ ਇਜਲਾਸ ਬੁਲਾਕੇ ਭਗਵੰਤ ਮਾਨ ਨੂੰ ਬਹੁਮਤ ਸਿੱਧ ਕਰਨ ਲਈ ਕਹਿਣ। ਇਸ ਗੱਲ ‘ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਭਵਿੱਖ ਵਿੱਚ ਭਗਵੰਤ ਮਾਨ ਖੁਦ ਵੀ ਪੱਖ ਬਦਲ ਸਕਦੇ ਹਨ ਕਿਉਂਕਿ ਉਹਨਾਂ ਨੇ ਆਪਣੀ ਆਸਟ੍ਰੇਲੀਆ ਵਿਚਲੀ ਜਾਇਦਾਦ ਬਚਾਉਣੀ ਹੈ। ਮੁੱਖ-ਮੰਤਰੀ ਆਪਣੇ ਵਿਦੇਸ਼ੀ ਸੰਪਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕੇਂਦਰੀ ਏਜੰਸੀਆਂ ਜਿਵੇਂ ਕਿ ਈਡੀ ਅਤੇ ਸੀਬੀਆਈ ਵੱਲੋਂ ਕਾਰਵਾਈ ਦਾ ਡਰ ਹੈ।”
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਮਜੀਠੀਆ ਨੇ ਇਹ ਮੰਗ ਕਰਦਿਆਂ ਕਿਹਾ ਕਿ, “ਹੁਣ ਮੁੱਖ-ਮੰਤਰੀ ਨੂੰ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਚਾਹੀਦਾ ਹੈ। ਹੁਣ ਬਹਾਨੇਬਾਜੀ ਨਹੀਂ ਚਲੇਗੀ ਨਾ ਹੀ ਲੋਕ ਗੱਲਾ ਦਾ ਕੜਾਹ ਖਾਣਾ ਚਾਹੁੰਦੇ ਹਨ। ਪੰਜਾਬ ਦੇ ਲੋਕਾ ਨੂੰ ਪਤਾ ਹੈ ਕਿ ਕਿਸ ਤਰ੍ਹਾ ਰਾਜਸਭਾ ਦੀਆਂ ਟਿਕਟਾਂ ਵੇਚੀਆਂ ਗਈਆਂ ਅਤੇ ਹੁਣ ਪੰਜਾਬੀਆ ਦੀ ਜਗ੍ਹਾ ‘ਚੋਂ ਬਾਹਰੀ ਸਨ ਉਹ ਇਹਨਾਂ ਦੇ ਛੱਤੇ ਤੋਂ ਉਡਾਰੀ ਮਾਰ ਗਏ।
ਵਰਨਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ‘ਚ ਕੁੱਲ 10 ਸੰਸਦ ਮੈਂਬਰ ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਕੁਮਾਰ ਮਿੱਤਲ, ਵਿਕਰਮਜੀਤ ਸਿੰਘ ਸਾਹਨੀ, ਹਰਭਜਨ ਸਿੰਘ, ਸਵਾਤੀ ਮਾਲੀਵਾਲ, ਰਾਜਿੰਦਰ ਗੁਪਤਾ, ਸੰਜੇ ਸਿੰਘ, ਬਲਬੀਰ ਸਿੰਘ ਸੀਚੇਵਾਲ ਅਤੇ ਐਨ.ਡੀ. ਗੁਪਤਾ ਸਨ, ਪਰ ਹੁਣ 3 ਮੈਂਬਰਾਂ ਦੇ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਮੂਲੀਅਤ ਕਰਨ ਅਤੇ ਰਾਘਵ ਚੱਢਾ ਦੇ 4 ਹੋਰ ਸੰਸਦ ਮੈਂਬਰਾਂ ਦੇ ਆਪਣੇ ਨਾਲ ਹੋਣ ਦੇ ਦਾਅਵੇ ਪਿੱਛੋਂ ਸਿਰਫ਼ 3 ਸੰਸਦ ਮੈਂਬਰ ਹੀ ਆਮ ਆਦਮੀ ਪਾਰਟੀ ਕੋਲ ਬਚਦੇ ਹਨ।