ਐਸ.ਏ.ਐਸ.ਨਗਰ – ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਸਿਜ ਟਰੇਨਿੰਗ ਇੰਸਟੀਚਿਊਟ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਹ ਉਤਰੀ ਭਾਰਤ ਵਿੱਚ ਆਪਣੀ ਕਿਸਮ ਦਾ ਪਹਿਲਾਂ ਇੰਸਟੀਚਿਊਟ ਹੋਵੇਗਾ। ਇਸ ਵਿੱਚ ਨੌਜਵਾਨਾਂ ਨੂੰ ਅੱਗ ਨਾਲ ਵਾਪਰਨ ਵਾਲੀਆਂ ਘਟਨਾਵਾਂ ਨਾਲ ਨਜਿੱਠਣ ਲਈ ਨਵੀਨਤਮ ਤਰੀਕਿਆਂ ਦੀ ਸਿੱਖਿਆ ਦਿੱਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇੇ ਹੋਏ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਇਹ ਹਾਈ ਟੈਕ ਇੰਸਟੀਚਿਊਟ ਐਸ.ਏ.ਐਸ. ਨਗਰ ਦੇ ਲਾਲੜੂ ਕਸਬੇ ਵਿੱਚ ਬਣਾਇਆ ਜਾਵੇਗਾ। ਤਕਰੀਬਨ 20 ਏਕੜ ਰਕਬੇ ਵਿੱਚ ਬਣਨ ਵਾਲਾ ਇਹ ਇੰਸਟੀਚਿਊਟ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹੋਵੇਗਾ ਅਤੇ ਇਹ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਸਿਜ ਵਿਭਾਗ ਦੇ ਅਧੀਨ ਹੋਵੇਗਾ।