ਨਵੀਂ ਦਿੱਲੀ – ਰੱਖਿਆ ਸਾਜ਼ੋ ਸਾਮਾਨ ਵਪਾਰੀ ਸੰਜੈ ਭੰਡਾਰੀ,ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਕਿੰਗਫਿਸ਼ਰ ਏਅਰਲਾਈਨਜ਼ ਦੇ ਪ੍ਰਮੋਟਰ ਵਿਜੈ ਮਾਲਿਆ ਸਣੇ ਹੋਰ ਕਈ ਭਗੌੜਿਆਂ ਦੀ ਭਾਰਤ ਹਵਾਲਗੀ ਸਬੰਧੀ ਪ੍ਰਕਿਰਿਆ ਤੇਜ਼ ਕਰਨ ਲਈ ਕੇਂਦਰੀ ਜਾਂਚ ਬਿਊਰੋ,ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਕੌਮੀ ਜਾਂਚ ਏਜੰਸੀ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਟੀਮ ਜਲਦੀ ਹੀ ਬਰਤਾਨੀਆ ਜਾਵੇਗੀ। ਪਤਾ ਲੱਗਾ ਹੈ ਕਿ ਲੰਡਨ ਜਾ ਰਹੀ ਟੀਮ ਐੱਮ.ਐੱਲ.ਏ.ਟੀ. ਤਹਿਤ ਬਰਤਾਨੀਆ ਦੇ ਅਧਿਕਾਰੀਆਂ ਨਾਲ ਲੰਬੇ ਸਮੇਂ ਤੋਂ ਲਟਕੇ ਮਾਮਲਿਆਂ ’ਤੇ ਜਾਣਕਾਰੀ ਸਾਂਝੀ ਕਰਨਗੇ। ਐੱਮ.ਐੱਲ.ਏ.ਟੀ. ਤਹਿਤ ਦੋਵੇਂ ਮੁਲਕ ਕਾਨੂੰਨੀ ਤੌਰ ’ਤੇ ਆਰਥਿਕ ਅਪਰਾਧੀਆਂ ਅਤੇ ਹੋਰਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪਾਬੰਦ ਹਨ। ਐੱਨ.ਆਈ.ਏ. ਦੀ ਟੀਮ ਇਸ ਸਮੇਂ ਖਾਲਿਸਤਾਨੀ ਅੰਦੋਲਨ ਨਾਲ ਜੁੜੇ ਕਈ ਅਤਿਵਾਦੀ ਸ਼ੱਕੀਆਂ ਦੀ ਜਾਂਚ ਕਰ ਰਹੀ ਹੈ।
ਜੇਕਰ ਸਭ ਕੁਝ ਯੋਜਨਾ ਅਨੁਸਾਰ ਚੱਲਦਾ ਹੈ ਤਾਂ ਭਾਰਤੀ ਟੀਮ ਦੇ ਇਸ ਮਹੀਨੇ ਕਿਸੇ ਵੀ ਸਮੇਂ ਰਵਾਨਾ ਹੋਣ ਦੀ ਉਮੀਦ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਟੀਮ ਦੀ ਅਗਵਾਈ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਕਰ ਰਹੇ ਹਨ। ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਯੂ.ਕੇ. ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਦਾ ਪ੍ਰੋਗਰਾਮ ਤੈਅ ਕੀਤਾ ਹੈ। ਇਨ੍ਹਾਂ ਮੀਟਿੰਗਾਂ ਵਿੱਚ ਸਿਰਫ਼ ਉਹੀ ਸਬੂਤ ਇਕੱਠੇ ਕੀਤੇ ਜਾਣਗੇ, ਜਿਸ ਤੋਂ ਪਤਾ ਲੱਗੇਗਾ ਕਿ ਭਗੌੜਿਆਂ ਨੇ ਲੰਡਨ ਵਿੱਚ ਕਿੰਨੀ ਜਾਇਦਾਦ ਹਾਸਲ ਕੀਤੀ ਹੈ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਕੀ-ਕੀ ਲੈਣ-ਦੇਣ ਹੋਇਆ ਹੈ।