ਮਹਾਂਰਾਸ਼ਟਰ ਦੇ ਬ੍ਰਹਿਨਮੁੰਬਈ ਨਗਰ ਨਿਗਮ (ਬੀਐਮਸੀ) ਦੀਆਂ ਚੋਣਾਂ ਦੇ ਵਿੱਚ ਭਾਜਪਾ ਦੀ ਜਿੱਤ ਅਤੇ ਭਾਰਤ ਦੀ ਸਭ ਤੋਂ ਪੁਰਾਣੀ ਅਤੇ ਦੂਜੀ ਵੱਡੀ ਪਾਰਟੀ, ਕਾਂਗਰਸ ਦੇ 31 ਤੋਂ ਘੱਟ ਕੇ 24 ਸੀਟਾਂ ਤੱਕ ਹੀ ਸਿਮਟ ਜਾਣ ਨੂੰ ਸਿਆਸੀ ਗਲਿਆਰਿਆਂ ਦੇ ਵਿੱਚ, ਇਸਨੂੰ ਸ਼ਹਿਰੀ ਖੇਤਰਾਂ ਵਿੱਚ ਕਾਂਗਰਸ ਪਾਰਟੀ ਦੇ ਨਿਘਾਰ ਨੂੰ ਇੱਕ ਹੋਰ ਪੱਤਨ ਦੇ ਸਬਕ ਵਜੋਂ ਵੇਖ ਰਹੇ ਹਨ। ਮਹਾਂਰਾਸ਼ਟਰ ਸੂਬੇ ਵਿੱਚ ਭਾਰਤ ਦੀ ਸਭ ਤੋਂ ਅਮੀਰ ਨਗਰ ਨਿਗਮ ਉਪਰ ਭਾਜਪਾ ਦੇ ਕਾਬਜ਼ ਹੋ ਜਾਣ ਦੇ ਡੂੰਘੇ ਅਰਥ ਕੱਢੇ ਜਾ ਰਹੇ ਹਨ, ਜੋ ਬਾਲੀਵੁੱਡ ਦੇ ਵਿੱਚ ਸਿਤਾਰਿਆਂ ਦੀ ਬਾਦਸ਼ਾਹਤ, ਕਾਰਪੋਰੇਟ ਜਗਤ ‘ਚ ਵੱਡਾ ਕੌਣ ਦੇ ਨਾਲ-ਨਾਲ ਭਾਰਤ ਦੀ ਰਾਜਨੀਤੀ ਉਪਰ ਵੀ ਚਿਰ ਸਥਾਈ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ।
ਭਾਰਤ ਦੀ ਸਭ ਤੋਂ ਅਮੀਰ ਨਗਰ ਨਿਗਮ, ਮਹਾਰਾਸ਼ਟਰ ਬ੍ਰਹਿਨਮੁੰਬਈ ਮਿਉਂਸਪਲ ਕਾਰਪੋਰੇਸ਼ਨ (ਬੀਐਮਸੀ) ਚੋਣਾਂ ਦੇ ਵਿੱਚ ਭਾਜਪਾ ਨੇ ਪਹਿਲੀ ਵਾਰ ਸ਼ਿੰਦੇ ਦੀ ਸ਼ਿਵ ਸੈਨਾ ਨਾਲ ਗੱਠਜੋੜ ਕਰਕੇ 29 ਸਾਲਾਂ ਬਾਅਦ ਊਧਵ ਠਾਕਰੇ ਨੂੰ ਹਰਾਕੇ ਬਹੁਮਤ ਪ੍ਰਾਪਤ ਹਾਸਿਲ ਕੀਤਾ ਹੈ। ਊਧਵ ਠਾਕਰੇ ਦੂਜੇ ਨੰਬਰ ਦੇ ਉਮੀਦਵਾਰ ਬਣੇ ਅਤੇ ਮੁੰਬਈ ਵਿੱਚ ਵਿਰੋਧੀ ਧਿਰ ਵਜੋਂ ਬਰਕਰਾਰ ਰਹੇਗੀ। ਇਹਨਾਂ ਚੋਣਾ ਦੇ ਵਿੱਚ ਪਹਿਲੀ ਵਾਰ ਭਾਜਪਾ ਨੇ ਆਪਣੇ ਸਹਿਯੋਗੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਨਾਲ ਗੱਠਜੋੜ ਕਰਕੇ ਭਾਜਪਾ ਦੇ ਮੇਅਰ ਦੀ ਚੋਣ ਕਰਨ ਲਈ ਬਹੁਮਤ ਪ੍ਰਾਪਤ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਜਿੱਤ ‘ਤੇ ਕਿਹਾ ਹੈ ਕਿ, “ਸੂਬੇ ਦੇ ਲੋਕਾਂ ਨੇ ਐਨਡੀਏ ਦੇ ਲੋਕ-ਪੱਖੀ ਚੰਗੇ ਪ੍ਰਸ਼ਾਸਨ ਦੇ ਏਜੰਡੇ ਨੂੰ ਆਸ਼ੀਰਵਾਦ ਦਿੱਤਾ ਹੈ। ਵੱਖ-ਵੱਖ ਨਗਰ ਨਿਗਮ ਚੋਣਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਐਨਡੀਏ ਦਾ ਮਹਾਰਾਸ਼ਟਰ ਦੇ ਲੋਕਾਂ ਨਾਲ ਸਬੰਧ ਮਜ਼ਬੂਤ ਹੋਇਆ ਹੈ। ਲੋਕਾਂ ਨੇ ਸਾਡੇ ਟਰੈਕ ਰਿਕਾਰਡ ਅਤੇ ਵਿਕਾਸ ਦੇ ਨਾਮ ‘ਤੇ ਆਪਣਾ ਫੈਸਲਾ ਦਿੱਤਾ ਹੈ। ਮੈਂ ਪੂਰੇ ਮਹਾਰਾਸ਼ਟਰ ਦੇ ਲੋਕਾਂ ਦਾ ਧੰਨਵਾਦੀ ਹਾਂ। ਇਹ ਵੋਟ ਤਰੱਕੀ ਨੂੰ ਤੇਜ਼ ਕਰਨ ਅਤੇ ਸੂਬੇ ਦੇ ਅਮੀਰ ਸੱਭਿਆਚਾਰ ਦਾ ਜਸ਼ਨ ਮਨਾਉਣ ਲਈ ਹੈ। ਮੈਨੂੰ ਹਰ ਐਨਡੀਏ ਵਰਕਰ ‘ਤੇ ਮਾਣ ਹੈ ਜਿਸਨੇ ਮਹਾਰਾਸ਼ਟਰ ਭਰ ਦੇ ਲੋਕਾਂ ਵਿੱਚ ਅਣਥੱਕ ਮਿਹਨਤ ਕੀਤੀ। ਉਨ੍ਹਾਂ ਨੇ ਸਾਡੇ ਗੱਠਜੋੜ ਦੇ ਟਰੈਕ ਰਿਕਾਰਡ ਬਾਰੇ ਗੱਲ ਕੀਤੀ, ਭਵਿੱਖ ਲਈ ਸਾਡਾ ਦ੍ਰਿਸ਼ਟੀਕੋਣ ਪੇਸ਼ ਕੀਤਾ, ਅਤੇ ਵਿਰੋਧੀ ਧਿਰ ਦੇ ਝੂਠਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕੀਤਾ। ਉਨ੍ਹਾਂ ਨੂੰ ਮੇਰੀਆਂ ਸ਼ੁੱਭਕਾਮਨਾਵਾਂ।”
ਮੁੰਬਈ ਭਾਜਪਾ ਦਫ਼ਤਰ ਵਿੱਚ ਮਹਾਰਾਸ਼ਟਰ ਮੁੱਖ-ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ, “ਨਗਰ ਨਿਗਮਾਂ ਵਿੱਚ ਜਿੱਤ ਹਿੰਦੂਤਵ ਅਤੇ ਵਿਕਾਸ ਦੀ ਰਾਜਨੀਤੀ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਹਿੰਦੂਤਵ ਲਈ ਸਮਰਥਨ ਦਿਖਾਇਆ ਹੈ। ਉਨ੍ਹਾਂ ਨੇ ਇਸ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਕਾਸ-ਮੁਖੀ ਨੀਤੀਆਂ ਨੂੰ ਦਿੱਤਾ ਹੈ।”
ਮਹਾਰਾਸ਼ਟਰ ਨਗਰ ਨਿਗਮਾਂ ਚੋਣਾਂ ਨੂੰ ਮੁੰਬਈ ਦੀ ਰਾਜਨੀਤੀ ਵਿੱਚ ਇੱਕ ਨਵੀਂ ਤਬਦੀਲੀ ਵਜੋਂ ਦੇਖਿਆ ਜਾ ਰਿਹਾ ਹੈ। ਕਾਂਗਰਸ ਪਾਰਟੀ ਨੇ ਮਹਾਰਾਸ਼ਟਰ ਨਗਰ ਨਿਗਮਾਂ ਦੀਆਂ 227 ਸੀਟਾਂ ਵਿੱਚੋਂ ਸਿਰਫ਼ 24 ‘ਤੇ ਜਿੱਤ ਹਾਸਲ ਕੀਤੀ ਹੈ ਅਤੇ ਰਾਜਨੀਤਕ ਵਿਸ਼ਲੇਸ਼ਕ ਇਸਨੂੰ ਸ਼ਹਿਰੀ ਖੇਤਰਾਂ ਵਿੱਚ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਪਤਨ ਦੇ ਇੱਕ ਹੋਰ ਸਬਕ ਵਜੋਂ ਵੇਖਦੇ ਹਨ। ਪਾਰਟੀ ਨੇ ਬੀਐਮਸੀ ਚੋਣਾਂ ਵਿੱਚ 152 ਸੀਟਾਂ ‘ਤੇ ਚੋਣ ਲੜੀ ਤੇ ਬਾਕੀ ਸੀਟਾਂ ਆਪਣੇ ਸਹਿਯੋਗੀ ਵੰਚਿਤ ਬਹੁਜਨ ਅਘਾੜੀ (ਵੀਬੀਏ), ਰਾਸ਼ਟਰੀ ਸਮਾਜ ਪੱਖ ਅਤੇ ਰਿਪਬਲਿਕਨ ਪਾਰਟੀ ਆਫ਼ ਇੰਡੀਆ (ਗਵਈ ਧੜੇ) ਲਈ ਛੱਡੀਆਂ ਸਨ। 2017 ਵਿੱਚ ਹੋਈਆਂ ਪਿਛਲੀਆਂ ਬੀਐਮਸੀ ਚੋਣਾਂ ਵਿੱਚ ਕਾਂਗਰਸ ਨੇ 31 ਸੀਟਾਂ ਜਿੱਤੀਆਂ ਸਨ। ਇਹ ਚੋਣ ਨਤੀਜੇ ਦਰਸਾਉਂਦੇ ਹਨ ਕਿ ਪ੍ਰਕਾਸ਼ ਅੰਬੇਡਕਰ ਦੀ ਅਗਵਾਈ ਵਾਲੀ ਵੀਬੀਏ, ਆਰਐਸਪੀ ਅਤੇ ਆਰਪੀਆਈ (ਗਵਈ) ਨਾਲ ਗੱਠਜੋੜ ਦਾ ਕਾਂਗਰਸ ਨੂੰ ਕੋਈ ਫਾਇਦਾ ਨਹੀਂ ਹੋਇਆ। ਵਿਸ਼ਲੇਸ਼ਕਾਂ ਨੇ ਇਸਨੂੰ ਵੋਟਾਂ ਵਧਾਉਣ ਦੀ ਬਜਾਏ ਇੱਕ ਵੱਡੀ ਰਣਨੀਤਕ ਗਲਤੀ ਦੱਸਿਆ ਹੈ। ਵਿਸ਼ਲੇਸ਼ਕਾਂ ਨੇ ਇਸਨੂੰ ਵੋਟ ਵਧਾਉਣ ਵਾਲੀ ਚਾਲ ਦੀ ਬਜਾਏ ਇੱਕ ਰਣਨੀਤਕ ਗਲਤੀ ਦੱਸਿਆ ਹੈ।
2024 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਅਤੇ ਪ੍ਰਧਾਨ ਰਾਜ ਠਾਕਰੇ ਨੇ ਨਗਰ ਨਿਗਮ ਚੋਣਾਂ ਲਈ ਇਕੱਠੇ ਹੋਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ‘ਮਰਾਠੀ ਮਾਨੁਸ਼’ ਅਤੇ ਮਹਾਰਾਸ਼ਟਰ ਦੇ ਹਿੱਤਾਂ ਦੇ ਨਾਮ ‘ਤੇ ਆਪਣੀ 20 ਸਾਲ ਪੁਰਾਣੀ ਰਾਜਨੀਤਿਕ ਦੁਸ਼ਮਣੀ ਨੂੰ ਖਤਮ ਕਰ ਦਿੱਤਾ। ਦੋਵਾਂ ਚਚੇਰੇ ਭਰਾਵਾਂ ਦੇ ਇਕੱਠੇ ਹੋਣ ਨੇ ਰਾਜਨੀਤਿਕ ਹਲਕਿਆਂ ਵਿੱਚ ਕਾਫ਼ੀ ਚਰਚਾ ਪੈਦਾ ਕੀਤੀ ਪਰ ਕਾਮਯਾਬ ਹੋਣ ਵਿੱਚ ਅਸਫਲ ਰਹੇ। ਠਾਕਰੇ ਭਰਾਵਾਂ ਨੇ ਮੁੰਬਈ, ਨਾਸਿਕ ਅਤੇ ਠਾਣੇ ਵਿੱਚ ਸਿਰਫ਼ ਤਿੰਨ ਸਾਂਝੀਆਂ ਰੈਲੀਆਂ ਕੀਤੀਆਂ ਪਰ ਪੂਰਾ ਫਾਇਦਾ ਨਹੀਂ ਉਠਾ ਸਕੇ।
ਭਾਜਪਾ ਦੀ ਭਾਰੀ ਲਹਿਰ ਦੇ ਵਿਚਕਾਰ, ਸੰਸਦ ਮੈਂਬਰ ਅਸਦੁਦੀਨ ਓਵੈਸੀ ਦੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਨੇ ਮੁੰਬਈ ਸਮੇਤ ਰਾਜ ਭਰ ਵਿੱਚ 29 ਨਗਰ ਨਿਗਮ ਚੋਣਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਕੇ 8 ਸੀਟਾਂ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਇਸਨੇ 2017 ਦੀਆਂ ਚੋਣਾਂ ਵਿੱਚ ਸਿਰਫ਼ 2 ਸੀਟਾਂ ਜਿੱਤੀਆਂ ਸਨ। ਮੁੰਬਈ ਵਿੱਚ ਐਮਆਈਐਮ ਦੀ ਜਿੱਤ ਮੁਸਲਿਮ ਬਹੁਲਤਾ ਵਾਲੇ ਖੇਤਰਾਂ ਵਿੱਚ ਕੇਂਦ੍ਰਿਤ ਸੀ ਜਿੱਥੇ ਇਹ ਮੰਨਿਆ ਜਾਂਦਾ ਸੀ ਕਿ ਸਮਾਜਵਾਦੀ ਪਾਰਟੀ ਅਤੇ ਊਧਵ ਠਾਕਰੇ ਨੂੰ ਫਾਇਦਾ ਹੋਵੇਗਾ। ਹਾਲਾਂਕਿ, ਐਮਆਈਐਮ ਨੇ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਬੀਐਮਸੀ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਮੁੰਬਈ ਦੀ ਆਬਾਦੀ ਦਾ 19-20 ਪ੍ਰਤੀਸ਼ਤ ਮੁਸਲਿਮ ਭਾਈਚਾਰਾ ਹੈ। ਇਹ ਮੰਨਿਆ ਜਾਂਦਾ ਹੈ ਕਿ ਮੁਸਲਿਮ ਵੋਟਾਂ ਭਾਜਪਾ ਦੇ ਵਿਰੁੱਧ ਕਾਂਗਰਸ, ਸਪਾ ਅਤੇ ਊਧਵ ਸੈਨਾ ਨੂੰ ਜਾਂਦੀਆਂ ਹਨ। ਓਵੈਸੀ ਨੇ ਮੁਸਲਿਮ ਇਲਾਕਿਆਂ ਵਿੱਚ 8 ਸੀਟਾਂ ਜਿੱਤੀਆਂ, ਪਰ ਐਮਆਈਐਮ ਨੇ ਕਈ ਮੁਸਲਿਮ ਇਲਾਕਿਆਂ ਵਿੱਚ ਕਾਂਗਰਸ, ਊਧਵ ਸੈਨਾ ਅਤੇ ਐਨਸੀਪੀ ਦੀ ਖੇਡ ਖਰਾਬ ਕਰ ਦਿੱਤੀ।