ਭਾਜਪਾ ਨੇ ਸੰਗਰੂਰ ਜ਼ਿਮਨੀ ਚੋਣ ਲਈ ਕੇਵਲ ਸਿੰਘ ਢਿੱਲੋਂ ਨੂੰ ਐਲਾਨਿਆ ਉਮੀਦਵਾਰ

ਬਰਨਾਲਾ – ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ‘ਚ ਭਾਰਤੀ ਜਨਤਾ ਪਾਰਟੀ ਨੇ ਆਪਣਾ ਉਮੀਦਵਾਰ ਕੱਲ੍ਹ ਭਾਜਪਾ ‘ਚ ਸ਼ਾਮਲ ਹੋਏ ਉੱਘੇ ਕਾਰੋਬਾਰੀ ਤੇ ਬਰਨਾਲਾ ਹਲਕੇ ਤੋਂ ਦੋ ਵਾਰੀ ਚੋਣ ਜਿੱਤ ਚੁੱਕੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। 2019 ‘ਚ ਵੀ ਕੇਵਲ ਸਿੰਘ ਢਿੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਕਾਂਗਰਸ ਵੱਲੋਂ ਲੜੇ ਸਨ ਪਰ ਉਹ ‘ਆਪ’ ਦੇ ਮੈਂਬਰ ਪਾਰਲੀਮੈਂਟ ਰਹੇ ਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਚੋਣ ਹਾਰ ਗਏ ਸਨ। 2007 ਤੇ 2012 ‘ਚ ਉਹ ਦੋ ਵਾਰੀ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਲਗਾਤਾਰ ਚੋਣ ਜਿੱਤ ਕੇ ਵਿਧਾਇਕ ਬਣੇ ਸਨ। 10 ਵਰ੍ਹੇ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ‘ਤੇ ਭਾਜਪਾ ਦੀ ਸਰਕਾਰ ਸਮੇਂ ਉਹ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕ ਵਜੋਂ ਵਿਧਾਨ ਸਭਾ ‘ਚ ਹਾਜ਼ਰ ਰਹੇ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਅਤਿ ਨਜ਼ਦੀਕੀਆਂ ਨੇ ਉਨ੍ਹਾਂ ਨੂੰ ਕਾਂਗਰਸ ‘ਚ ਪੈਦਾ ਹੋਈ ਧੜੇਬੰਦੀ ਕਾਰਨ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਟਿਕਟ ਤੋਂ ਵਾਂਝੇ ਕਰ ਦਿੱਤਾ ਸੀ। ਕਾਫ਼ੀ ਸਮਾਂ ਚੁੱਪ ਵੱਟੀ ਪਰ ਅਖ਼ੀਰ ਕੇਵਲ ਸਿੰਘ ਢਿੱਲੋਂ ਨੇ ਸ਼ਨਿੱਚਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਤੇ ਭਾਜਪਾ ਦੇ ਸਿਰਕੱਢ ਆਗੂ ਅਮਿਤ ਸ਼ਾਹ ਦੀ ਅਗਵਾਈ ‘ਚ ਭਾਜਪਾ ‘ਚ ਸ਼ਮੂਲੀਅਤ ਕੀਤੀ ਅਤੇ ਪਾਰਟੀ ਨੇ ਉਨ੍ਹਾਂ ਦਾ ਮਾਣ ਰੱਖਦਿਆਂ ਐਤਵਾਰ ਨੂੰ ਉਨ੍ਹਾਂ ਨੂੰ ਜ਼ਿਮਨੀ ਚੋਣ ਲੋਕ ਸਭਾ ਸੰਗਰੂਰ ਤੋਂ ਭਾਜਪਾ ਦਾ ਉਮੀਦਵਾਰ ਐਲਾਨ ਦਿੱਤਾ। ਸ਼ਨਿੱਚਰਵਾਰ ਨੂੰ ਇੱਥੇ ਬਰਨਾਲਾ ਜ਼ਿਲ੍ਹੇ ‘ਚ ਭਾਜਪਾ ਆਗੂ ਵਰਕਰਾਂ ਸਣੇ ਕੇਵਲ ਸਿੰਘ ਢਿੱਲੋਂ ਦੇ ਸਮਰਥਕਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਉੱਥੇ ਹੀ ਐਤਵਾਰ ਦਿਨ ਚੜ੍ਹਦਿਆਂ ਹੀ ਕੇਵਲ ਸਿੰਘ ਢਿੱਲੋਂ ਦੀ ਬਰਨਾਲਾ ਰਿਹਾਇਸ਼ ‘ਤੇ ਭਾਜਪਾ ਆਗੂ ਵਰਕਰਾਂ ਸਣੇ ਕੇਵਲ ਸਿੰਘ ਢਿੱਲੋਂ ਦੇ ਸਮੱਰਥਕਾਂ ਦਾ ਵਧਾਈ ਦੇਣ ਲਈ ਤਾਂਤਾ ਲੱਗਣਾ ਸ਼ੁਰੂ ਹੋ ਗਿਆ।

Related posts

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਦੂਸ਼ਣਬਾਜ਼ੀ ਅਤੇ ਮੀਡੀਆ ਫੈਸਲੇ ਨਾ ਦੇਣ ਦੇ ਆਦੇਸ਼ !

ਸਰਕਾਰ ਤਾਂ ਚਾਹੁੰਦੀ ਸੀ ਕਿ ਮੈਂ ਬਾਹਰ ਨਾ ਆਵਾਂ – ਬਿਕਰਮ ਮਜੀਠੀਆ