ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਵਿੱਖੀ ਪਹੁੰਚ ਦੀ ਲੋੜ ਉੱਤੇ ਜ਼ੋਰ ਦਿੱਤਾ ਤਾਂ ਕਿ ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤੇ ਮਸ਼ੀਨ ਲਰਨਿੰਗ ਜਿਹੀਆਂ ਉਭਰਦੀਆਂ ਤਕਨੀਕਾਂ ਜਿਹੇ ਹੁਨਰ ਨਾਲ ਲੈਸ ਕੀਤਾ ਜਾ ਸਕੇ। ਉਨ੍ਹਾਂ ਦੇਸ਼ ਦੀ ਤਰੱਕੀ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ ਉੱਤੇ ਵੀ ਰੌਸ਼ਨੀ ਪਾਈ।
ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ‘ਵੀਰ ਬਾਲ ਦਿਵਸ’ ਮੌਕੇ ਬੋਲਦਿਆਂ ਮੋਦੀ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਭਾਰਤ ਦਾ ਮਜ਼ਬੂਤ ਲੋਕਤੰਤਰ ਸਾਹਿਬਜ਼ਾਦਿਆਂ ਦੀ ਬਹਾਦਰੀ ਤੇ ਸ਼ਹਾਦਤ ਉੱਤੇ ਉਸਰਿਆ ਹੈ। ਉਨ੍ਹਾਂ ਵੱਖ-ਵੱਖ ਖੇਤਰਾਂ ਵਿਚ ਤੇਜ਼ੀ ਨਾਲ ਆਈਆਂ ਤਬਦੀਲੀਆਂ ਤੇ ਚੁਣੌਤੀਆਂ ਅਨੁਸਾਰ ਢਲਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਸਰਕਾਰ ਵੱਲੋਂ ‘ਨੌਜਵਾਨਾਂ ਉੱਤੇ ਕੇਂਦਰਤ’ ਨੀਤੀਆਂ ਤੇ ਕੋਸ਼ਿਸ਼ਾਂ ਦੀ ਦਿਸ਼ਾ ’ਚ ਚੁੱਕਿਆ ਕਦਮ ਹੈ। ਮੋਦੀ ਨੇ ਇਸ ਮੌਕੇ ‘ਸੁਪੋਸ਼ਿਤ ਗ੍ਰਾਮ ਪੰਚਾਇਤ ਅਭਿਆਨ’ ਦੀ ਸ਼ੁਰੂਆਤ ਵੀ ਕੀਤੀ। ਮੋਦੀ ਨੇ ਭਾਰਤ ਮੰਡਪਮ ਵਿਚ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਵਿਧਾਨ ਵਿਚਲਾ ਬਰਾਬਰੀ ਦਾ ਸਿਧਾਂਤ ਗੁਰੂਆਂ ਵੱਲੋਂ ਦਿੱਤੀਆਂ ਸਿੱਖਿਆਵਾਂ ਨਾਲ ਮੇਲ ਖਾਂਦਾ ਹੈ, ਜਿਸ ਵਿਚ ਸਰਬੱਤ ਦੇ ਭਲੇ ਦੀ ਵਕਾਲਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੌਜਵਾਨ ਪ੍ਰਤਿਭਾ ਦੀ ਹਮਾਇਤ ਤੇ ਉਨ੍ਹਾਂ ਦੇ ਆਤਮ ਵਿਸ਼ਵਾਸ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ। ਉਨ੍ਹਾਂ ਗੁਰੂ ਗੋਬਿੰਦ ਸਿੰਘ ਦੇ ਦੋਵਾਂ ਸਾਹਿਬਜ਼ਾਦਿਆਂ ਦੀ ‘ਲਾਸਾਨੀ’ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ‘ਮੁਗਲ ਸਾਮਰਾਜ ਦੇ ਜ਼ੁਲਮ ਅੱਗੇ ਝੁਕਣ ਦੀ ਥਾਂ ਅਟੁੱਟ ਹਿੰਮਤ ਤੇ ਵਿਸ਼ਵਾਸ ਦਾ ਰਾਹ ਚੁਣਿਆ।’’ ਉਨ੍ਹਾਂ ਕਿਹਾ ਕਿ ਵੀਰ ਬਾਲ ਦਿਵਸ ਸਾਨੂੰ ਸਿੱਖਿਆ ਦਿੰਦਾ ਹੈ ਕਿ ‘ਕਿੰਨੇ ਵੀ ਮੁਸ਼ਕਲ ਹਾਲਾਤ ਹੋਣ, ਦੇਸ਼ ਹਿੱਤ ਤੋਂ ਵੱਡਾ ਕੁਝ ਵੀ ਨਹੀਂ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਾ ਮਜ਼ਬੂਤ ਲੋਕਤੰਤਰ ਸਾਹਿਬਜ਼ਾਦਿਆਂ ਦੀ ਬਹਾਦਰੀ ਤੇ ਸ਼ਹਾਦਤ ਉੱਤੇ ਉਸਰਿਆ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜਿੱਤਣ ਵਾਲੇ 17 ਬੱਚਿਆਂ ਦੇ ਰੂਬਰੂ ਹੁੰਦਿਆਂ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।