ਭੱਠਲ ਦੇ ਬਿਆਨਾਂ ਤੋਂ ਪਤਾ ਚੱਲਦਾ, ਕਾਂਗਰਸ ਲੋਕਾਂ ਨੂੰ ਲੜਵਾ-ਮਰਵਾ ਕੇ ਸੱਤਾ ‘ਚ ਆਉਂਦੀ ਰਹੀ ਹੈ : ਕੁਲਦੀਪ ਸਿੰਘ ਧਾਲੀਵਾਲ

ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਅਤੇ ਮੁੱਖ-ਬੁਲਾਰਾ, ਆਮ ਆਦਮੀ ਪਾਰਟੀ, ਪੰਜਾਬ।

“ਪੰਜਾਬ ਵਿੱਚ ਪਹਿਲੀ ਵਾਰੀ ਸੈਂਟਰਲ ਰੀਜ਼ਰਵ ਫੋਰਸ ਅਤੇ ਪੈਰਾ-ਮਿਲਿਟਰੀ ਬਲਾਂ ਦੀ ਤੈਨਾਤੀ ਤੋਂ ਲੈ ਕੇ ਪੰਜਾਬ ਨੂੰ ਕਰਜ਼ਾਈ ਕਰਨ ਦੀ ਸ਼ੁਰੂਆਤ ਤੱਕ, ਪੰਜਾਬ ਦੀ ਬਰਬਾਦੀ ਦੇ ਸਾਰੇ ਪੜਾਆ ਵਿੱਚ ਕਾਂਗਰਸ ਜ਼ਿੰਮੇਵਾਰ ਰਹੀ ਹੈ। ਬੀਬੀ ਰਜਿੰਦਰ ਕੌਰ ਭੱਠਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਿਆਨਾਂ ਰਾਹੀਂ ਕਾਂਗਰਸ ਪਾਰਟੀ ਦੀਆਂ ਕਾਲ਼ੀਆਂ ਕਰਤੂਤਾਂ ਦਾ ਪਰਦਾਫ਼ਾਸ਼ ਕੀਤਾ ਹੈ। ਰਾਜਾ ਵੜਿੰਗ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਪੰਜਾਬ ਦੇ ਲੋਕਾਂ ਨੂੰ ਦੱਸੇ ਕਿ ਲੋਕਾਂ ਨੂੰ ਜਾਨੋਂ ਮਰਵਾ ਕੇ ਸਰਕਾਰਾਂ ਬਣਾਉਣ ਦੀਆਂ ਸਾਜ਼ਿਸ਼ਾਂ ਰਚਣ ਵਾਲ਼ੇ ਕੌਣ ਸੀ? ਲੋਕਾਂ ਨੂੰ ਮਰਵਾ ਕੇ ਸਰਕਾਰਾਂ ਬਣਾਉਣ ਦੀਆਂ ਸਲਾਹਾਂ ਦੇਣ ਵਾਲ਼ਿਆਂ ਦੇ ਨਾਂ ਕਿਉਂ ਨਾ ਦੱਸੇ ਗਏ? ਮੌੜ ਬੰਬ ਧਮਾਕਾ ਹੋਇਆ ਤੇ 2017 ‘ਚ ਕਾਂਗਰਸ ਦੀ ਸਰਕਾਰ ਬਣੀ। ਬੀਬੀ ਰਜਿੰਦਰ ਕੌਰ ਭੱਠਲ ਦੇ ਬਿਆਨਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸੀਆਂ ਨੂੰ ਚੰਗੀ ਤਰ੍ਹਾਂ ਪਤਾ ਕਿ ਬੰਬ ਕਿਵੇਂ ਚਲਾਉਣੇ, ਲੋਕਾਂ ਨੂੰ ਕਿਵੇਂ ਲੜਾਉਣਾ ਤੇ ਪੰਜਾਬ ਨੂੰ ਬਲ਼ਦੀ ਅੱਗ ‘ਚ ਧੱਕ ਕੇ ਸਰਕਾਰਾਂ ਕਿਵੇਂ ਬਣਾਉਣੀਆਂ। ਅਸੂਲਨ ਬੀਬੀ ਰਜਿੰਦਰ ਕੌਰ ਭੱਠਲ ਨੂੰ ਉਸੇ ਵੇਲ਼ੇ ਅਜਿਹੇ ਲੋਕਾਂ ਦੇ ਨਾਂ ਦੱਸਣੇ ਚਾਹੀਦੇ ਸੀ ਪਰ ਜੇ ਉਹਨਾਂ ਨੂੰ ਅੱਜ ਵੀ ਪੰਜਾਬ ਤੇ ਦੇਸ਼ ਨਾਲ਼ ਪਿਆਰ ਹੈ, ਤਾਂ ਉਹ ਹੁਣ ਇਸ ਗੱਲ ਦਾ ਖੁਲਾਸਾ ਕਰਨ ਅਤੇ ਜੇਕਰ ਅਜਿਹਾ ਨਹੀਂ ਕਰਦੇ ਤਾਂ ਉਹ ਆਪਣੇ ਵੱਡੇ-ਵਡੇਰਿਆਂ ਦੇ ਨਾਂ ਨੂੰ ਕਲੰਕਿਤ ਕਰਨ ਦੇ ਦੋਸ਼ੀ ਹੋਣਗੇ।”

ਪੰਜਾਬ ਦੇ ਸਾਬਲਾ ਰੂਰਲ ਮਨਿਸਟਰ, ਅਜਨਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਮੁੱਖ-ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੀ ਸਾਬਕਾ ਮੁੱਖ-ਮੰਤਰੀ ਰਜਿੰਦਰ ਕੌਰ ਭੱਠਲ ਦੇ ਬੰਬ ਧਮਾਕਿਆਂ ਵਾਲੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਦੋਸ਼ ਲਾਇਆ ਹੈ ਕਿ, “ਕਾਂਗਰਸ ਨੇ ਆਪਣੀ ਸੱਤਾ ਲਈ ਪੰਜਾਬ ਨੂੰ ਤਬਾਹ ਕਰਨ ਵਾਸਤੇ ਵੱਡੀਆਂ ਸਾਜ਼ਿਸ਼ਾਂ ਕੀਤੀਆਂ ਜਦਕਿ ਉਹ ਖ਼ੁਦ ਉਸ ਕਾਲੇ ਦੌਰ ਦੇ ਪੀੜਤ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੇ 3 ਜੀਅ ਅਤੇ ਪਿੰਡ ਜਗਦੇਵ ਕਲਾਂ ਦੇ 25 ਬੰਦੇ ਅੱਤਵਾਦ ਦੀ ਭੇਟ ਚੜ੍ਹੇ। 1980 ਵਿੱਚ ਜਦੋਂ ਦਰਬਾਰਾ ਸਿੰਘ ਪੰਜਾਬ ਦੇ ਮੁੱਖ-ਮੰਤਰੀ ਸਨ ਅਤੇ ਬੀਬੀ ਭੱਠਲ ਉਨ੍ਹਾਂ ਦੀ ਕੈਬਨਿਟ ਦਾ ਹਿੱਸਾ ਸਨ ਤਾਂ ਉਸ ਸਮੇਂ ਢਿੱਲਵਾਂ ਨੇੜੇ ਪਹਿਲਾ ਵੱਡਾ ਕਾਂਡ ਹੋਇਆ, ਜਦੋਂ ਇੱਕ ਬੱਸ ਵਿੱਚੋਂ ਇੱਕ ਫਿਰਕੇ ਦੇ ਲੋਕਾਂ ਨੂੰ ਲਾਹ ਕੇ ਕਤਲ ਕੀਤਾ ਗਿਆ। ਉਸ ਕਾਂਡ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਸੀ.ਆਰ.ਪੀ.ਐੱਫ ਅਤੇ ਨੀਮ ਫੌਜੀ ਬਲਾਂ ਦੀ ਐਂਟਰੀ ਹੋਈ ਅਤੇ ਪੰਜਾਬ ਦੇ ਸਿਰ ‘ਤੇ ਕਰਜ਼ਾ ਚੜ੍ਹਨਾ ਸ਼ੁਰੂ ਹੋਇਆ। ਡੇਢ ਮਹੀਨੇ ਪਹਿਲਾਂ ਸਾਬਕਾ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਮੰਨਿਆ ਸੀ ਕਿ ਜਦੋਂ ਉਹ ਕਾਂਗਰਸ ਐਮ.ਪੀ. ਸਨ ਤਾਂ ਉਨ੍ਹਾਂ ਨੇ 25 ਨੌਜਵਾਨਾਂ ਦਾ ਆਤਮ ਸਮਰਪਣ ਕਰਾਇਆ ਪਰ ਉਹ ਸਾਰੇ ਦੇ ਸਾਰੇ ਮਾਰ ਦਿੱਤੇ ਗਏ।”

ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸਵਾਲ ਕੀਤਾ ਕਿ, “ਉਨ੍ਹਾਂ ਮੁੰਡਿਆਂ ਦੀਆਂ ਲਾਸ਼ਾਂ ਕਿੱਥੇ ਗਈਆਂ ਅਤੇ ਉਨ੍ਹਾਂ ਦੇ ਨਾਂ ਕੀ ਸਨ? ਆਪ ਆਗੂ ਨੇ ਕਿਹਾ ਕਿ 2017 ਦੀਆਂ ਚੋਣਾਂ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ 100 ਸੀਟਾਂ ਜਿੱਤਣ ਦੀ ਚਰਚਾ ਸੀ ਤਾਂ ਉਸ ਸਮੇਂ ਮੌੜ ਬੰਬ ਧਮਾਕਾ ਹੋਇਆ ਅਤੇ ਕਾਂਗਰਸ ਦੀ ਸਰਕਾਰ ਬਣ ਗਈ। ਉਨ੍ਹਾਂ ਕਿਹਾ ਕਿ ਅੱਜ ਰਾਜਿੰਦਰ ਕੌਰ ਭੱਠਲ ਦੇ ਬਿਆਨ ਤੋਂ ਇਹ ਸਭ ਕੁੱਝ ਸਾਹਮਣੇ ਆ ਰਿਹਾ ਹੈ। ਜੇਕਰ ਬੀਤੇ ਸਮੇਂ ਦੀਆਂ ਕੜੀਆਂ ਨੂੰ ਜੋੜ ਕੇ ਦੇਖਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਕਾਂਗਰਸ ਨੇ ਪੰਜਾਬ ਨੂੰ ਕਿਵੇਂ ਤਬਾਹ ਕੀਤਾ। ਕਾਂਗਰਸ ਲੋਕਾਂ ਨੂੰ ਲੜਵਾ-ਮਰਵਾ ਕੇ ਸੱਤਾ ‘ਚ ਆਉਂਦੀ ਰਹੀ ਹੈ। ਬੀਬੀ ਭੱਠਲ ਦੇ ਬਿਆਨ ਨੇ ਦੱਸਿਆ ਹੈ ਕਿ ਕਾਂਗਰਸ ਨੇ ਪੰਜਾਬ ਨਾਲ਼ ਕਿੰਝ ਧੋਖੇ ਕੀਤੇ ਹਨ। ਬੀਬੀ ਭੱਠਲ ਦੱਸੇ ਕਿ ਉਹ ਕਿਹੜੇ ਲੀਡਰ ਸਨ ਜੋ ਪੰਜਾਬ ‘ਚ ਬੰਬ ਧਮਾਕੇ ਕਰਵਾਉਣ ਨੂੰ ਕਹਿੰਦੇ ਸਨ? ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੰਜਾਬ ਨਾਲ ਸੱਚਮੁੱਚ ਪਿਆਰ ਹੈ ਤਾਂ ਉਨ੍ਹਾਂ ਨੂੰ ਅਜਿਹੇ ਅਫ਼ਸਰਾਂ ਅਤੇ ਨੇਤਾਵਾਂ ਦੇ ਨਾਂ ਦੱਸਣੇ ਚਾਹੀਦੇ ਹਨ, ਜੋ ਬੰਬ ਧਮਾਕੇ ਕਰਨ ਦੀਆਂ ਸਲਾਹਾਂ ਦਿੰਦੇ ਸਨ। ਜੇਕਰ ਉਹ ਨਾਂ ਨਹੀਂ ਦੱਸਦੇ ਤਾਂ ਉਹ ਆਪਣੇ ਵੱਡੇ-ਵਡੇਰਿਆਂ ਦੀ ਦੇਸ਼ ਭਗਤੀ ਦੀ ਬੇਕਦਰੀ ਕਰ ਰਹੇ ਹਨ।”

ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ, “ਪੰਜਾਬ ਦੀ ਸਾਬਕਾ ਮੁੱਖ-ਮੰਤਰੀ ਰਜਿੰਦਰ ਕੌਰ ਭੱਠਲ ਦੇ ਬੰਬ ਧਮਾਕਿਆਂ ਸਬੰਧੀ ਦਿੱਤ ਗਏ ਇਸ ਗੰਭੀਰ ਬਿਆਨ ਦੀ ਡੂੰਘਾਈ ਨਾਲ ਜਾਂਚ ਕਰਾਈ ਜਾਵੇ ਅਤੇ ਇਹ ਸਾਜ਼ਿਸ਼ਾਂ ਬੇਨਕਾਬ ਹੋਣੀਆਂ ਚਾਹੀਦੀਆਂ ਹਨ।”

Related posts

ਦਾ ਹਿੱਲਜ਼ ਵਿੱਚ ਯੀਅਰ ਆਫ਼ ਦਾ ਹੋਰਸ ਦੀ ਧਮਾਕੇਦਾਰ ਸ਼ੁਰੂਆਤ : ਸਭ ਤੋਂ ਵੱਡਾ ਲੂਨਰ ਫੈਸਟੀਵਲ !

ਸਿਹਤ ਅਤੇ ਐਨਡੀਆਈਐਸ ਲਈ ਇਤਿਹਾਸਕ ਫੈਸਲਾ: ਨੈਸ਼ਨਲ ਕੈਬਨਿਟ ਵੱਲੋਂ ਹਸਪਤਾਲਾਂ ਲਈ ਰਿਕਾਰਡ ਫੰਡਿੰਗ ਦਾ ਐਲਾਨ !

ਪਰਗਟ ਸਿੰਘ ਤੇ ਚੰਨੀ ਵਲੋਂ ਗੁਰੂ ਰਵਿਦਾਸ ਜੀ ਦੇ 649ਵੇਂ ਗੁਰਪੁਰਬ ਦੀਆਂ ਵਧਾਈਆਂ ਤੇ ਸ਼ੁੱਭਕਾਮਨਾਵਾਂ