ਮਸ਼ਹੂਰ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਕਤਲ

ਸੋਹਾਣਾ ਕਬੱਡੀ ਕੱਪ ਦੌਰਾਨ ਗੋਲੀਬਾਰੀ ਵਿੱਚ ਮਾਰਿਆ ਗਿਆ ਮਸ਼ਹੂਰ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ।

ਮੋਹਾਲੀ ਦੇ ਸੋਹਾਣਾ ‘ਚ ਕਰਵਾਏ ਜਾ ਰਹੇ ਕਬੱਡੀ ਕੱਪ ਦੌਰਾਨ ਹੋਈ ਗੋਲੀਬਾਰੀ ਵਿੱਚ ਮਸ਼ਹੂਰ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਨੂੰ ਗੋਲੀਆਂ ਮਾਰੀਆਂ ਗਈਆਂ, ਜਿਸ ਨੂੰ ਜ਼ਖ਼ਮੀ ਹਾਲਤ ‘ਚ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਕੁੱਝ ਦੇਰ ਬਾਅਦ ਉਸ ਦੀ ਮੌਤ ਹੋ ਗਈ।

ਇਸ ਵਾਰਦਾਤ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਹਮਲਾਵਰਾਂ ਵੱਲੋਂ ਗੋਲੀਬਾਰੀ ਦੀ ਇਹ ਘਟਨਾ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਕਬੱਡੀ ਕੱਪ ਵਿੱਚ ਪਹੁੰਚਣ ਤੋਂ ਪਹਿਲਾਂ ਕੀਤੀ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵੱਲੋਂ ਕਿਸੇ ਕਬੱਡੀ ਖਿਡਾਰੀ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਇਸ ਦੌਰਾਨ ਮੁਲਜ਼ਮਾਂ ਵੱਲੋਂ 5-6 ਦੇ ਲਗਭਗ ਗੋਲੀਆਂ ਫਾਇਰ ਕੀਤੇ ਗਏ ਜਿਸ ਦੌਰਾਨ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਗੋਲੀ ਵੱਜੀ।

ਇਹ ਘਟਨਾ ਸੈਕਟਰ 82 ਦੇ ਮੈਦਾਨ ਵਿੱਚ ਵਾਪਰੀ ਜਿੱਥੇ ਇੱਕ ਕਬੱਡੀ ਮੈਚ ਚੱਲ ਰਿਹਾ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਪਹਿਲਾਂ ਇਹ ਪਟਾਕਿਆਂ ਦੀ ਆਵਾਜ਼ ਵਾਂਗ ਜਾਪਿਆ ਪਰ ਲਗਾਤਾਰ ਛੇ ਰਾਉਂਡ ਫਾਇਰਿੰਗ ਹੋਈ ਤੇ ਹਫ਼ੜਾ-ਦਫ਼ੜੀ ਕਾਰਣ ਗੋਲੀਬਾਰੀ ਦਾ ਪਤਾ ਲੱਗਾ। ਇਸ ਘਟਨਾ ਮੌਕੇ ਮੈਦਾਨ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ, ਕਬੱਡੀ ਖਿਡਾਰੀ ਮੈਦਾਨ ਵਿੱਚ ਖੇਡ ਰਹੇ ਸਨ ਅਤੇ ਦਰਸ਼ਕ ਮੈਚ ਦਾ ਆਨੰਦ ਮਾਣ ਰਹੇ ਸਨ। ਇਸ ਦੌਰਾਨ ਹੀ ਹਮਲਾਵਰ ਨਾਟਕੀ ਢੰਗ ਦੇ ਨਾਲ ਸੈਲਫੀ ਲੈਣ ਦੇ ਬਹਾਨੇ ਪ੍ਰਮੋਟਰ ਰਾਣਾ ਬਲਾਚੌਰੀ ਕੋਲ ਪਹੁੰਚੇ ਸਨ ਅਤੇ ਇਸ ਦੌਰਾਨ ਹਮਲਾਵਰਾਂ ਨੇ ਉਸ ਦੇ ਸਿਰ ‘ਚ ਗੋਲੀ ਮਾਰ ਦਿੱਤੀ।

ਇਹ ਚਾਰ ਰੋਜ਼ਾ ਕਬੱਡੀ ਕੱਪ ਕਬੱਡੀ ਕੱਪ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੇਦਵਾਨ ਸਪੋਰਟਸ ਕਲੱਬ, ਸੋਹਾਣਾ ਵੱਲੋਂ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ‘ਚ ਬਲੈਰੋ ਸਵਾਰਾਂ ਵੱਲੋਂ ਇਸ ਅੰਨ੍ਹੇਵਾਹ ਫਾਈਰਿੰਗ ਨਾਲ ਹੜਕੰਪ ਮੱਚ ਗਿਆ। ਗੋਲੀਬਾਰੀ ਉਪਰੰਤ ਹਮਲਾਵਰ ਫਾਈਰਿੰਗ ਕਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦਾ ਪਤਾ ਲੱਗਣ ‘ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਨੂੰ ਚੈਕ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਮੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਕਿਹਾ ਕਿ ਸਿਰਫ਼ ਖਿਡਾਰੀ ਨੂੰ ਹੀ ਗੋਲੀ ਲੱਗੀ ਸੀ। ਜਦੋਂ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਅਪਰਾਧੀਆਂ ਨੇ 2-3 ਗੋਲੀਆਂ ਚਲਾਈਆਂ। ਦੁਸ਼ਮਣੀ ਦਾ ਕਾਰਣ ਅਜੇ ਸਾਹਮਣੇ ਨਹੀਂ ਆਇਆ ਹੈ। ਗੈਂਗਸਟਰਾਂ ਦੀ ਸ਼ਮੂਲੀਅਤ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ‘ਚ ਕਬੱਡੀ ਖਿਡਾਰੀ ਦੇ ਕਤਲ ਦੀ ਇਸ ਵਾਰਦਾਤ ਨੂੰ ਲੈ ਕੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਮੁੱਖ-ਮੰਤਰੀ ਮਾਨ ਨੂੰ ਘੇਰਦਿਆਂ ਕਿਹਾ ਕਿ ਇਹ ਮੁੱਖ ਮੰਤਰੀ ਦਾ ਪੂਰੀ ਤਰ੍ਹਾਂ ਫੇਲੀਅਰ ਹੈ, ਖੇਡ ਦੇ ਮੈਦਾਨ, ਗੋਲੀਬਾਰੀ ਦੇ ਅਖਾੜੇ ਬਣ ਗਏ ਹਨ ਤੇ ਅਪਰਾਧੀ ਫਰਾਰ ਘੁੰਮ ਰਹੇ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੀਐਮ ਮਾਨ ਨੇ ਕੰਟਰੋਲ ਗੁਆ ਦਿੱਤਾ ਹੈ। ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਚੁੱਕੀ ਹੈ।

Related posts

ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ 1,746 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

ਅਕਾਲੀ ਦਲ ਵਲੋਂ ਆਮ ਆਦਮੀ ਪਾਰਟੀ ਨੂੰ ਦਿੱਤਾ ਵੱਡਾ ਝਟਕਾ

ਸੰਘਰਸ਼ ਕਮੇਟੀ ਤਲਵੰਡੀ ਸਾਬੋ ਮੋਰਚਾ ਵੱਲੋਂ ਬੀ.ਡੀ.ਪੀ.ਓ.ਝੁਨੀਰ ਨੂੰ ਮੰਗ ਪੱਤਰ