ਮਿੰਨੀ ਕਹਾਣੀ : ਚੜ੍ਹਦੀਕਲਾ !

ਹਮੇਸ਼ਾ ਚੜਦੀ ਕਲਾ ਵਿੱਚ ਰਹਿਣ ਵਾਲਾ ਕਰਨੈਲ ਸਿੰਘ ਵੀ ਅੰਦਰੋਂ ਟੁੱਟ ਗਿਆ ਸੀ।

ਲੇਖਕ: ਗੁਰਦੀਪ ਸਿੰਘ ਮੁਕੱਦਮ, ਲਧਾਣਾ ਝਿੱਕਾ।

ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਜੂਝਦੇ ਪਿਤਾ ਦਾ ਇਲਾਜ਼ ਕਰਵਾਉਦਿਆਂ ਬੇਸ਼ਕ ਕਰਨੈਲ ਸਿੰਘ ਕੰਗਾਲ ਹੋ ਚੁੱਕਾ ਸੀ ਫਿਰ ਵੀ ਉਸ ਦੇ ਚੇਹਰੇ ਤੇ ਛਿਕਨ ਤੱਕ ਨਹੀਂ ਸੀ ਆਈ। ਹਮੇਸ਼ਾ ਉਸ ਦੇ ਚੇਹਰੇ ‘ਤੇ ਬੇਪਰਵਾਹੀ ਝਲਕਦੀ ਰਹਿੰਦੀ ਸੀ। ਪਰ ਸ਼ਾਇਦ ਕਿਸਮਤ ਜਾਂ ਪਰਮਾਤਮਾ ਉਸ ਨਾਲ ਜਿਆਦਾ ਹੀ ਨਰਾਜ਼ ਸੀ। ਹੜਾਂ ਨਾਲ ਉਸ ਦੀ ਪੂਰੀ ਫ਼ਸਲ ਖਰਾਬ ਹੋ ਗਈ ਸੀ। ਹਮੇਸ਼ਾ ਚੜਦੀ ਕਲਾ ਵਿੱਚ ਰਹਿਣ ਵਾਲਾ ਕਰਨੈਲ ਸਿੰਘ ਵੀ ਅੰਦਰੋਂ ਟੁੱਟ ਗਿਆ ਸੀ। ਪਰਿਵਾਰ ਵਲ ਦੇਖ ਕੇ ਕਈ ਵਾਰ ਉਸ ਦੇ ਚੇਹਰੇ ਉਦਾਸੀ ਜਹੀ ਉਭਰ ਆਉਂਦੀ ਸੀ। ਉਸ ਦੇ ਚੇਹਰੇ ਤੇ ਉਭਰੀ ਉਦਾਸੀ ਦੇਖ ਕੇ ਉਸ ਦੀ ਮਾਂ ਦਾ ਦਿਲ ਤੜਫ ਉਠਦਾ ਸੀ। ਕਰਜ਼ੇ ਹੇਠਾਂ ਦੱਬੇ ਕਿਸਾਨਾਂ ਵਲੋਂ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਦੀ ਯਾਦ ਆਉਂਦਿਆਂ ਹੀ ਉਹ ਅੰਦਰ ਤੱਕ ਕੰਬ ਜਾਂਦੀ ਸੀ। ਕਿ ਕਿਤੇ ਉਸ ਦਾ ਪੁੱਤ ਵੀ ਕੋਈ ਗਲਤ ਕਦਮ ਨਾ ਚੁੱਕ ਲਏ।

ਇੱਕ ਦਿਨ ਕਰਨੈਲ ਨੂੰ ਇਕੱਲਾ ਦੇਖ ਉਸ ਦੀ ਮਾਂ, ਉਸਨੂੰ ਸਮਝਾਉਂਣ ਲੱਗੀ ਕਿ ਪੁੱਤ ਕੋਈ ਗੱਲ ਨਹੀਂ, ਜਿੰਦਗੀ ਵਿੱਚ ਉਤਰਾ -ਚੜਾਅ , ਘਾਟੇ-ਵਾਧੇ ਆਉਦੇ ਜਾਂਦੇ ਰਹਿੰਦੇ ਹਨ । ਫਿਕਰ ਨਹੀਂ ਕਰਨਾ …।

ਕਰਨੈਲ ਸਿੰਘ ਸਮਝ ਗਿਆ ਸੀ ਕਿ ਉਸ ਦੀ ਮਾਂ ਕੀ ਕਹਿਣਾ ਚਾਹੁੰਦੀ ਹੈ। ਉਸ ਨੇ ਮੋਹ ਨਾਲ ਮਾਂ ਨੂੰ ਕਲਾਵੇ ਚ ਲੈਦਿਆਂ ਕਿਹਾ, ” ਮਾਂ, ਮੈਂ ਉਸ ਗੁਰੂ ਦਾ ਸਿੱਖ ਹਾਂ, ਜਿਸ ਦੇ ਸਿੰਘ ਮੁੱਠੀ ਭਰ ਛੋਲੇ ਖਾ, ਘੋੜਿਆਂ ਦੀਆਂ ਦੀਆਂ ਕਾਠੀਆਂ ਤੇ ਸੌਂ ਕੇ ਵੀ ਚੜੵਦੀ ਕਲਾ ‘ਚ ਰਹਿੰਦੇ ਸਨ। ਵਾਹਿਗੁਰੂ ਸੱਚੇ ਪਾਤਸ਼ਾਹ ‘ਤੇ ਭਰੋਸਾ ਰੱਖ, ਸੱਭ ਠੀਕ ਹੋ ਜਾਵੇਗਾ। ਮਾਂ ਨੇ ਨੀਝ ਨਾਲ ਜਰਨੈਲ ਦੇ ਮੂੰਹ ਵਲ ਦੇਖਿਆ, ਉਸ ਚੇਹਰੇ ‘ਤੇ ਝਲਕਦਾ ਵਿਸ਼ਵਾਸ ਦੇਖ ਕੇ, ਮਾਂ ਦੇ ਦਿਲ ਚ ਬੈਠਾ ਡਰ-ਭਰਮ ਹਵਾ ਦੀ ਤਰ੍ਹਾਂ ਉੜ ਗਿਆ।

Related posts

ਕਹਾਣੀ : ਖ਼ਾਮੋਸ਼ ਸਫ਼ਰ !

ਮਾਂ ਦੀ ਮਮਤਾ !

ਦੋਗਲਾ : ਮਿੰਨੀ ਕਹਾਣੀ