ਮੇਰੀ ਸਜ਼ਾ ਪੂਰੀ ਹੋਣ ’ਚ ਕਿੰਨੇ ਦਿਨ ਬਾਕੀ ਹਨ : ਗੈਂਗਸਟਰ ਅਬੂ ਸਲੇਮ ਨੇ ਅਦਾਲਤ ਕੋਲੋਂ ਪੁਛਿਆ

ਮੁੰਬਈ – ਜੇਲ ’ਚ ਬੰਦ ਗੈਂਗਸਟਰ ਅਬੂ ਸਲੇਮ ਨੇ ਇਥੇ ਇਕ ਵਿਸ਼ੇਸ਼ ਅਦਾਲਤ ਸਾਹਮਣੇ ਇਕ ਬਿਨੈ ਦਾਇਰ ਕਰ ਕੇ ਜੇਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਜੇਲ ਤੋਂ ਰਿਹਾਅ ਹੋਣ ਦੀ ਸਹੀ ਤਰੀਕ ਦੀ ਦਸਣ ਦੀ ਅਪੀਲ ਕੀਤੀ ਹੈ।
ਸਲੇਮ ਨੂੰ 2005 ’ਚ ਪੁਰਤਗਾਲ ਤੋਂ ਹਵਾਲਗੀ ਕਰਵਾ ਕੇ ਭਾਰਤ ਲਿਆਂਦਾ ਗਿਆ ਸੀ। ਉਸ ਨੂੰ 1993 ਦੇ ਮੁੰਬਈ ਲੜੀਵਾਰ ਧਮਾਕਿਆਂ ’ਚ ਉਸ ਦੀ ਭੂਮਿਕਾ ਲਈ ਦੋਸ਼ੀ ਠਹਿਰਾਇਆ ਗਿਆ ਸੀ ਅਤੇ 2017 ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਗੈਂਗਸਟਰ ਨੇ ਪਿਛਲੇ ਹਫਤੇ ਵਿਸ਼ੇਸ਼ ਟਾਡਾ (ਅਤਿਵਾਦੀ ਅਤੇ ਵਿਘਨਕਾਰੀ ਗਤੀਵਿਧੀਆਂ (ਰੋਕਥਾਮ) ਐਕਟ) ਦੇ ਮਾਮਲਿਆਂ ਵਿਚ ਦਾਇਰ ਅਪਣੀ ਅਰਜ਼ੀ ਵਿਚ ਕਿਹਾ ਕਿ 20 ਜੁਲਾਈ ਨੂੰ ਉਸ ਨੇ ਨਾਸਿਕ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨੂੰ ਚਿੱਠੀ ਲਿਖ ਕੇ ਜੇਲ੍ਹ ਵਿਚ ਅਪਣੇ ਬਾਕੀ ਦਿਨਾਂ ਬਾਰੇ ਜਾਣਕਾਰੀ ਮੰਗੀ ਸੀ। ਉਹ ਇਸ ਸਮੇਂ ਨਾਸਿਕ ਜੇਲ੍ਹ ’ਚ ਬੰਦ ਹੈ। ਜਦੋਂ ਸਲੇਮ ਨੂੰ ਜੇਲ੍ਹ ਅਧਿਕਾਰੀਆਂ ਤੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਉਸ ਨੇ ਅਦਾਲਤ ’ਚ ਅਰਜ਼ੀ ਦਾਇਰ ਕਰ ਕੇ ਜੇਲ੍ਹ ਅਧਿਕਾਰੀਆਂ ਨੂੰ ਇਸ ਸਬੰਧ ’ਚ ਜਾਣਕਾਰੀ ਦੇਣ ਦਾ ਹੁਕਮ ਦੇਣ ਦੀ ਮੰਗ ਕੀਤੀ। ਸਲੇਮ ਨੇ ਦਾਅਵਾ ਕੀਤਾ ਕਿ ਉਸ ਨੇ 23 ਸਾਲ ਅਤੇ ਸੱਤ ਮਹੀਨੇ ਜੇਲ੍ਹ ’ਚ ਬਿਤਾਏ ਹਨ। ਉਸ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੂੰ ਜਵਾਬ ਦਾਇਰ ਕਰਨ ਦਾ ਹੁਕਮ ਦਿਤਾ ਅਤੇ ਮਾਮਲੇ ਦੀ ਅਗਲੀ ਸੁਣਵਾਈ 17 ਅਕਤੂਬਰ ਲਈ ਮੁਲਤਵੀ ਕਰ ਦਿਤੀ।
ਸਲੇਮ ਨੇ ਦਾਅਵਾ ਕੀਤਾ ਕਿ ਪੁਰਤਗਾਲ ਤੋਂ ਉਸ ਦੀ ਹਵਾਲਗੀ ਦੌਰਾਨ ਭਾਰਤ ਨੇ ਉੱਥੋਂ ਦੀ ਸਰਕਾਰ ਨੂੰ ਭਰੋਸਾ ਦਿਤਾ ਸੀ ਕਿ ਉਸ ਨੂੰ 25 ਸਾਲ ਤੋਂ ਵੱਧ ਸਮੇਂ ਤਕ ਜੇਲ੍ਹ ’ਚ ਨਹੀਂ ਰੱਖਿਆ ਜਾਵੇਗਾ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ