ਨਵੀਂ ਦਿੱਲੀ,- ਐਤਵਾਰ, 9 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 71 ਮੰਤਰੀਆਂ ਦੇ ਨਾਲ ਅਹੁਦੇ ਤੇ ਗੁਪਤਤਾ ਦੀ ਸਹੁੰ ਚੁੱਕੀ। 71 ਵਿੱਚੋਂ 30 ਮੰਤਰੀਆਂ ਨੂੰ ਕੈਬਨਿਟ ਦਾ ਦਰਜਾ ਦਿੱਤਾ ਗਿਆ ਹੈ। 10 ਜੂਨ ਨੂੰ ਸਾਰੇ ਮੰਤਰੀਆਂ ਵਿੱਚ ਮੰਤਰਾਲਿਆਂ ਦੀ ਵੰਡ ਕੀਤੀ ਗਈ ਸੀ ਤੇ ਅੱਜ ਸਾਰਿਆਂ ਨੇ ਆਪੋ-ਆਪਣੀ ਡਿਊਟੀ ਸੰਭਾਲ ਲਈ ਹੈ। ਨਵੇਂ ਮੰਤਰੀਆਂ ਦੇ ਪਿਛੋਕੜ ਬਾਰੇ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਦੌਰਾਨ ਡੈਮੋਕਰੇਟਿਕ ਰਿਫਾਰਮਜ਼ ਐਸੋਸੀਏਸ਼ਨ-ਏਡੀਆਰ ਦੀ ਰਿਪੋਰਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਰਿਪੋਰਟ ਦੱਸਦੀ ਹੈ ਕਿ ਮੋਦੀ ਸਰਕਾਰ 3.0 ‘ਚ 71 ‘ਚੋਂ 28 ਮੰਤਰੀ ਅਜਿਹੇ ਹਨ, ਜਿਨ੍ਹਾਂ ’ਤੇ ਮਾਮਲੇ ਦਰਜ ਹਨ। ਇਸ ਦਾ ਮਤਲਬ ਇਹ ਹੈ ਕਿ ਇਨ੍ਹਾਂ ਮੰਤਰੀਆਂ ਖਿਲਾਫ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਪੁਲਸ ਰਿਪੋਰਟ ਦਰਜ ਕਰਵਾਈ ਗਈ ਹੈ। 29 ਵਿੱਚੋਂ 19 ਮੰਤਰੀਆਂ ਖ਼ਿਲਾਫ਼ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਚੋਣ ਅਧਿਕਾਰ ਸੰਗਠਨ ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਦਾ ਦਾਅਵਾ ਹੈ ਕਿ ਨਰਿੰਦਰ ਮੋਦੀ ਸਰਕਾਰ ਦੇ 28 ਮੰਤਰੀਆਂ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ‘ਚੋਂ 19 ’ਤੇ ਹੱਤਿਆ ਦੀ ਕੋਸ਼ਿਸ਼, ਔਰਤਾਂ ਖਿਲਾਫ ਅਪਰਾਧ ਅਤੇ ਨਫਰਤ ਭਰੇ ਭਾਸ਼ਣ ਵਰਗੇ ਗੰਭੀਰ ਦੋਸ਼ ਹਨ। ਸਭ ਤੋਂ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੋ ਮੰਤਰੀਆਂ ਨੇ ਆਪਣੇ ਹਲਫ਼ਨਾਮਿਆਂ ਵਿੱਚ ਐਲਾਨ ਕੀਤਾ ਹੈ ਕਿ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 307 ਤਹਿਤ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਕੇਸ ਦਰਜ ਕੀਤੇ ਗਏ ਹਨ। ਏ.ਡੀ.ਆਰ. ਨੇ ਕਿਹਾ ਕਿ ਇਨ੍ਹਾਂ ਵਿੱਚ ਬੰਦਰਗਾਹਾਂ, ਜਹਾਜ਼ਰਾਨੀ ਤੇ ਜਲ ਮਾਰਗ ਰਾਜ ਮੰਤਰੀ ਸ਼ਾਂਤਨੂ ਠਾਕੁਰ ਅਤੇ ਉੱਤਰ ਪੂਰਬੀ ਖੇਤਰ ਦੇ ਸਿੱਖਿਆ ਅਤੇ ਵਿਕਾਸ ਰਾਜ ਮੰਤਰੀ ਸੁਕਾਂਤ ਮਜੂਮਦਾਰ ਸ਼ਾਮਲ ਹਨ। ਏ.ਡੀ.ਆਰ. ਨੇ ਆਪਣੀ ਰਿਪੋਰਟ ਵਿੱਚ ਉਨ੍ਹਾਂ 5 ਮੰਤਰੀਆਂ ਦਾ ਵੀ ਖ਼ੁਲਾਸਾ ਕੀਤਾ ਹੈ, ਜਿਨ੍ਹਾਂ ਖ਼ਿਲਾਫ਼ ਔਰਤਾਂ ਖ਼ਿਲਾਫ਼ ਅਪਰਾਧਾਂ ਦੇ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਗ੍ਰਹਿ ਰਾਜ ਮੰਤਰੀ ਸੰਜੇ ਕੁਮਾਰ, ਸ਼ਾਂਤਨੂ ਠਾਕੁਰ, ਸੁਕਾਂਤ ਮਜੂਮਦਾਰ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸੈਰ ਸਪਾਟਾ ਰਾਜ ਮੰਤਰੀ ਸੁਰੇਸ਼ ਗੋਪੀ ਤੇ ਕਬਾਇਲੀ ਮਾਮਲਿਆਂ ਦੇ ਮੰਤਰੀ ਜੁਲ ਓਰਾਮ ਸ਼ਾਮਲ ਹਨ।