ਮੌਕਾ-ਮੇਲ ਮੁਤਾਬਕ ਦੋ ਮਿਸਾਲਾਂ !

ਧਾਰਮਿਕ ਪ੍ਰਵਚਨ ਕਰ ਰਹੇ ਰਹਿਬਰ ਦੇ ਇਕ ਚੇਲੇ ਬਾਲਕੇ ਨੇ ਸਵਾਲ ਕੀਤਾ ਕਿ ਆਪ ਜੀ ਕਹਿੰਦੇ ਹੋ ਕਿ ਹਰ ਵਿਅਕਤੀ ਨੂੰ ਆਪਣੇ ਕਰਮਾਂ ਦਾ ਫਲ਼ ਅਵੱਸ਼ ਭੋਗਣਾ ਪੈਂਦਾ ਹੈ।

ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਧਾਰਮਿਕ ਪ੍ਰਵਚਨ ਕਰ ਰਹੇ ਰਹਿਬਰ ਦੇ ਇਕ ਚੇਲੇ ਬਾਲਕੇ ਨੇ ਸਵਾਲ ਕੀਤਾ ਕਿ ਆਪ ਜੀ ਕਹਿੰਦੇ ਹੋ ਕਿ ਹਰ ਵਿਅਕਤੀ ਨੂੰ ਆਪਣੇ ਕਰਮਾਂ ਦਾ ਫਲ਼ ਅਵੱਸ਼ ਭੋਗਣਾ ਪੈਂਦਾ ਹੈ। ਪਰ ਜਦ ਕਿਤੇ ਵਾਪਰੀ ਇਕ ਹੀ ਭਿਆਨਕ ਦੁਰਘਟਨਾ ਵਿਚ ਬਹੁਤ ਸਾਰੇ ਵਿਅਕਤੀ ਮਾਰੇ ਜਾਂਦੇ ਹਨ ਤਾਂ ਕੀ ਮਾਰੇ ਗਏ ਉਨ੍ਹਾਂ ਸਾਰੇ ਵਿਅਕਤੀਆਂ ਦੇ ਕਰਮ ਇਕੋ ਜਿਹੇ ਹੋਣਗੇ ਜੋ ਉਨ੍ਹਾਂ ਸਾਰਿਆਂ ਨੂੰ ਇਕੋ ਜਿਹਾ ਫਲ਼ (ਜਾਂ ਸਜ਼ਾ ਕਹਿ ਲਉ) ਮਿਲ਼ਦਾ ਜਾਂਦਾ ਹੋਵੇਗਾ ? ਅਜਿਹਾ ਤਾਂ ਮੰਨਣ ਵਿਚ ਨਹੀਂ ਆਉਂਦਾ ਕਿ ਕਿਸੇ ਇਕ ਜਗਾਹ ਜਾਨ ਗਵਾ ਗਏ ਸਾਰੇ ਜੀਆਂ ਨੇ ਹੀ ਕੋਈ ਇਕੋ ਜਿਹਾ ਕਰਮ ਕੀਤਾ ਹੋਇਆ ਹੋਵੇਗਾ ਜਿਹਦੇ ਕਰਕੇ ਉਹ ਸਾਰੇ ਜਣੇ ਇਕੋ ਵੇਲੇ ਮੌਤ ਦੇ ਮੂੰਹ ‘ਚ ਜਾ ਪਏ ?

ਰਹਿਬਰ ਨੇ ਆਪਣੇ ਚੇਲੇ ਦੇ ਇਨ੍ਹਾਂ ਸਵਾਲਾਂ ਦਾ ਕੋਈ ਸਿੱਧਾ ਜਵਾਬ ਦੇਣ ਦੀ ਬਜਾਏ ਉਸਦੇ ਪੱਟ ਉੱਤੇ ਮਲਕੜੇ ਜਿਹੇ ਸਰ੍ਹੋਂ ਦੇ ਤੇਲ ਵਾਲ਼ਾ ਇਕ ਛੋਟਾ ਫੰਬ੍ਹਾ ਰੱਖ ਦਿੱਤਾ। ਕੁੱਝ ਚਿਰ ਉੱਥੇ ਹੋਰ ਗੱਲਾਂ ਬਾਤਾਂ ਚੱਲਣ ਲੱਗ ਪਈਆਂ। ਲਾਗੇ ਹੀ ਬੈਠੇ ਉਕਤ ਸਵਾਲ ਕਰਨ ਵਾਲ਼ੇ ਚੇਲੇ ਨੇ ਅਚਾਨਕ ਫੰਬ੍ਹੇ ਉੱਤੇ ਜੋਰ ਦੀ ਹੱਥ ਮਾਰਿਆ। ਰਹਿਬਰ ਨੇ ਉਸਨੂੰ ਪੁਛਿਆ ਕਿ ਕੀ ਹੋਇਆ ਭਾਈ? ਕਹਿੰਦਾ ਜੀ ਕੀੜੀ ਲੜ ਗਈ ਸੀ ਮੇਰੇ। ਫੰਬ੍ਹੇ ਦੁਆਲ਼ੇ ‘ਕੱਠੀਆਂ ਹੋਈਆਂ ਕਈ ਕੀੜੀਆਂ ਮਰ ਗਈਆਂ ਦੇਖ ਕੇ ਰਹਿਬਰ ਬੋਲੇ- “ਭਾਈ ਤੇਰੇ ਕੀੜੀ ਤਾਂ ਇਕ-ਅੱਧ ਹੀ ਲੜੀ ਹੋਵੇ ਗੀ ਪਰ ਤੈਂ ਹੱਥ ਮਾਰ ਕੇ ਸਾਰੀਆਂ ਕਿਉਂ ਮਾਰ ਸੁੱਟੀਆਂ?

ਇਕ ਹਵਾਈ ਹਾਦਸੇ ਵਿਚ ਮਾਰੇ ਗਏ ਪਾਇਲਟ ਦੇ ਘਰੇ ਬਹੁਤ ਸਾਰੇ ਰਿਸ਼ਤੇਦਾਰ ਮਿੱਤਰ ਸਨੇਹੀ ਅਫਸੋਸ ਕਰਨ ਵਾਸਤੇ ਆਏ ਬੈਠੇ ਸਨ। ਸਵਰਗੀ ਪਾਇਲਟ ਦੀ ਅਭਾਗੀ ਪਤਨੀ ਅਤੇ ਉਸਦੇ ਬੱਚਿਆਂ ਨੂੰ ਭਾਣਾ ਮੰਨਣ ਦੇ ਨਾਲ ਨਾਲ ਹੌਂਸਲਾ ਰੱਖਣ ਲਈ ਮਿਸਾਲਾਂ ਦਿੱਤੀਆਂ ਜਾ ਰਹੀਆਂ ਸਨ।
ਚੱਲਦੀਆਂ ਗੱਲਾਂ ਵਿਚ ਇਕ ਸਿਆਣੇ ਸੱਜਣ ਨੇ ਪਾਇਲਟ ਦੇ ਨੌਜਵਾਨ ਬੇਟੇ ਨੂੰ ਸਹਿਵਨ ਪੁੱਛਿਆ ਕਿ ਅਜ ਕਲ ਕੀ ਕਰ ਰਹੇ ਹੋ ਬੇਟੇ? ਬੇਟਾ ਨੇ ਦੱਸਿਆ ਕਿ ਮੇਰੀ ਪਾਇਲਟ ਦੀ ਟ੍ਰੇਨਿੰਗ ਮੁਕੰਮਲ ਹੋਣ ਵਾਲ਼ੀ ਹੈ ਜੀ। ਉਸ ਤੋਂ ਬਾਅਦ ਮੈਂ ਬਕਾਇਦਾ ਕਿਸੇ ਏਅਰ ਲਾਈਨ ਵਿਚ ਬਤੌਰ ਪਾਇਲਟ ਜੌਬ ਕਰਾਂਗਾ।

ਜੌਬ ਬਾਰੇ ਸਵਾਲ ਕਰਨ ਵਾਲੇ ਸੱਜਣ ਨੇ ਹੈਰਾਨੀ ਨਾਲ ਅੱਖਾਂ ਅੱਡਦਿਆਂ ਦੱਬਵੀਂ ਜ਼ੁਬਾਨੇ ਕਹਿ ਹੀ ਦਿੱਤਾ ਅਖੇ ਕਾਕਾ ਜੀ ਤੇਰਾ ਬਾਪ ਪਾਇਲਟ ਹੀ… !
ਤੂੰ ਕੋਈ ਹੋਰ ਕੰਮ…. !

ਉਸਨੂੰ ਟੋਕਦਿਆਂ ਬੇਟੇ ਨੇ ਸਵਾਲ ਕੀਤਾ- “ਸਰ ! ਤੁਹਾਡੇ ਪਿਤਾ ਜੀ ਦੀ ਮ੍ਰਿਤੂ ਕਿੱਥੇ ਹੋਈ ਸੀ ?”

ਜਵਾਬ ਮਿਲਿਆ-ਘਰੇ ਹੀ ਹੋਈ ਸੀ।

“ਫਿਰ ਤੁਸੀਂ ਉਹ ਘਰ ਛੱਡ ਦਿੱਤਾ ਸੀ ?” ਸਿਖਾਂਦਰੂ ਪਾਇਲਟ ਬੇਟੇ ਦਾ ਸਵਾਲ ਸੁਣ ਕੇ ਅਗਲਾ ਨਿਰੁੱਤਰ ਹੋ ਗਿਆ!

‘ਆਗੈ ਦੇਖਉ ਡਉ ਜਲੈ
ਪਾਛੈ ਹਰਿਉ ਅੰਗੂਰ।।’ (ਸਿਰੀ ਰਾਗੁ ਮਹਲਾ ੧)

Related posts

$100 Million Boost for Bushfire Recovery Across Victoria

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ